ਕਿਸਾਨ ਮੋਰਚੇ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਸੰਯੁਕਤ ਕਿਸਾਨ ਮੋਰਚੇ (ਗੈਰ ਸਿਆਸੀ ਪੰਜਾਬ ਚੈਪਟਰ) ਨੇ ਅੱਜ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿਲ 2025 ਖ਼ਿਲਾਫ਼ ਪਾਵਰਕੌਮ ਦੇ ਸਥਾਨਕ ਉਪ ਮੰਡਲ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ।
ਮੋਰਚੇ ਦੇ ਸੂਬਾ ਪ੍ਰਧਾਨ ਗੁਰਿੰਦਰ ਭੰਗੂ, ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਜੀਤਾ, ਮੀਤ ਪ੍ਰਧਾਨ ਮਲਕੀਤ ਸਿੰਘ ਕਕਰਾਲੀ ਤੇ ਹੋਰਨਾਂ ਨੇ ਕਿਹਾ ਕਿ ਕੇਂਦਰ ਵੱਲੋਂ ਬਿਜਲੀ ਸੋਧ ਬਿਲ 2025 ਲਿਆਂਦਾ ਜਾ ਰਿਹਾ ਹੈ ਜਦੋਂਕਿ ਪੰਜਾਬ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਆਗੂਆਂ ਨੇ ਕਿਹਾ ਕਿ ਪੰਜਾਬੀਆਂ ਤੇ ਕਿਸਾਨ ਮੋਰਚੇ ਨੂੰ ਇਹ ਉਮੀਦਾਂ ਸਨ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਨੂੰ ਮਤਾ ਪਾ ਕੇ ਰੱਦ ਕੀਤਾ ਜਾਵੇਗਾ ਪਰ ਇੱਥੇ ਵੀ ਪੰਜਾਬ ਸਰਕਾਰ ਦੀ ਚੁੱਪ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਿੱਧੇ ਰੂਪ ਦੇ ਵਿੱਚ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦਾ ਸ਼ਬਦੀ ਵਿਰੋਧ ਕਰ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਜਦੋਂਕਿ ਅੰਦਰੋਂ ਦੋਵੇਂ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਕਿਸਾਨੀ ਤੇ ਪੰਜਾਬ ਨੂੰ ਢਾਹ ਲਗਾਉਣ ਲੱਗਿਆ ਹੋਇਆ ਹੈ ਜਦੋਂਕਿ ਪੰਜਾਬ ਸਰਕਾਰ ਚੁੱਪ ਕਰ ਕੇ ਸਾਥ ਦੇ ਰਹੀ ਹੈ। ਆਗੂਆਂ ਨੇ ਪ੍ਰੀ-ਪੇਡ ਮੀਟਰਾਂ ਦਾ ਵੀ ਡਟ ਕੇ ਵਿਰੋਧ ਕੀਤਾ।
ਇਸ ਮੌਕੇ ਬਲਾਕ ਮਾਜਰੀ ਦੇ ਪ੍ਰਧਾਨ ਸਪਿੰਦਰ ਸਿੰਘ, ਦੀਪਾ ਪੜੋਲ, ਅਮਨਜੋਤ ਗੁੰਨੋਮਾਜਰਾ, ਗੁਰਮੀਤ ਸਿੰਘ ਨਿਹੋਲਕਾ, ਗੁਰਜੰਟ ਸਿੰਘ ਮੁੰਧੋਂ, ਕਾਲਾ ਮੰਧੋਂ, ਕੁਲਦੀਪ ਸਿੰਘ ਨੱਗਲ, ਹਰਨੇਕ ਸਿੰਘ ਨਿਹੋਲਕਾ ਆਦਿ ਹਾਜ਼ਰ ਸਨ।
