ੜ੍ਹ ਪੀੜਤਾਂ ਨੂੰ ਸਮਰਪਿਤ ਰਿਹਾ ਖਿਜ਼ਰਾਬਾਦ ਦਾ ਦੰਗਲ
ਇਤਿਹਾਸਕ ਪਿੰਡ ਖਿਜ਼ਰਾਬਾਦ ਦਾ ਸਦੀਆਂ ਪੁਰਾਣਾ ਕੁਸ਼ਤੀ ਦੰਗਲ ਪਿੰਡ ਦੇ ਖੇਡ ਸਟੇਡੀਅਮ ਵਿੱਚ ਕਰਵਾਇਆ ਗਿਆ। ਛਿੰਝ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਦੰਗਲ ਵਿੱਚ ਕੌਮਾਂਤਰੀ ਪੱਧਰ ਦੇ ਸੈਂਕੜੇ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਕਰੀਬ 20 ਹਜ਼ਾਰ ਦਰਸ਼ਕਾਂ ਨੇ ਇਸ ਦਾ ਅਨੰਦ ਮਾਣਿਆ।
ਛਿੰਝ ਕਮੇਟੀ ਵਲੋਂ ਪ੍ਰਧਾਨ ਸਤਨਾਮ ਸਿੰਘ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਸ ਦੰਗਲ ਦਾ ਉਦਘਾਟਨ ਬਾਬਾ ਦੀਦਾਰ ਸਿੰਘ ਅਤੇ ਪ੍ਰਧਾਨ ਛਿੰਝ ਕਮੇਟੀ ਦੇ ਸਮੂਹ ਮੈਂਬਰਾਂ ਨੇ ਪਹਿਲਵਾਨਾਂ ਦੀ ਹੱਥਜੋੜੀ ਕਰਵਾ ਕੇ ਕੀਤਾ। ਇਹ ਦੰਗਲ ਇਸ ਵਾਰ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤਾ ਗਿਆ ਅਤੇ ਕੌਮਾਂਤਰੀ ਨੇਮਾਂ ਨਾਲ ਹੋਣ ਵਾਲੇ ਕੁਸ਼ਤੀ ਮੁਕਾਬਲੇ ਰੱਦ ਕਰਕੇ ਉਸ ਪੈਸੇ ਨਾਲ ਹੜ੍ਹ ਪੀੜਤਾਂ ਦੀ ਮਦਦ ਦਾ ਫ਼ੈਸਲਾ ਕੀਤਾ ਗਿਆ। ਕੁਸ਼ਤੀ ਦੰਗਲ ਦੌਰਾਨ ਹੋਈਆਂ ਇਨਾਮੀ ਕੁਸ਼ਤੀਆਂ ਵਿਚੋਂ 51-51 ਹਜ਼ਾਰ ਦੀ ਇਨਾਮੀ ਰਾਸ਼ੀ ਵਾਲੇ ਕੁਸ਼ਤੀ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਦਵਿੰਦਰ ਸਿੰਘ ਬਾਜਵਾ ਅਤੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਵਿੱਚ ਮੁਕੇਸ਼ ਪਟਿਆਲਾ ਨੇ ਚੀਨੂ ਪਹਿਲਵਾਨ ਨੂੰ ਅਤੇ ਲੱਕੀ ਕੁਹਾਲੀ ਨੇ ਪਰਵਿੰਦਰ ਪੱਟੀ ਨੂੰ ਚਿੱਤ ਕੀਤਾ।
ਇੱਕ-ਇੱਕ ਲੱਖ ਰੁਪਏ ਦੇ ਨਗਦ ਇਨਾਮਾਂ ਵਾਲੇ ਕੁਸ਼ਤੀ ਮੁਕਾਬਲਿਆਂ ਦਾ ਉਦਘਾਟਨ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਭਾਜਪਾ ਆਗੂ ਰਣਜੀਤ ਸਿੰਘ ਰਾਣਾ ਗਿੱਲ ਤੇ ਹਲਕਾ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਕੀਤਾ। ਇਨ੍ਹਾਂ ਮੁਕਾਬਬਿਲਆਂ ਵਿੱਚ ਅਸੀਮ ਝੱਜਰ ਨੇ ਲਵਪ੍ਰੀਤ ਖੰਨਾ ਨੂੰ ਅਤੇ ਨਰਿੰਦਰ ਖੰਨਾ ਨੇ ਬਿੱਲਾ ਮਾਨੋਡੀ ਨੂੰ ਹਰਾਇਆ।
ਡੇਢ ਲੱਖ ਦੇ ਨਿਗਦ ਇਨਾਮ ਵਾਲੀਆਂ ਝੰਡੀ ਦੀਆਂ ਚਾਰ ਕੁਸ਼ਤੀਆਂ ਹੋਈਆਂ ਜਿਨ੍ਹਾਂ ਦਾ ਉਦਘਾਟਨ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੇ ਕੀਤਾ। ਇਨ੍ਹਾਂ ਝੰਡੀ ਦੇ ਮੁਕਾਬਲਿਆਂ ਵਿੱਚ ਦਿਨੇਸ਼ ਗੂਲੀਆ ਨੇ ਤਾਬਿਲ ਬਾਬਾ ਫਲਾਹੀ ਨੂੰ,ਜੌਂਟੀ ਗੁੱਜਰ ਨੇ ਭੁਪਿੰਦਰ ਅਜਨਾਲਾ ਨੂੰ ਅਤੇ ਮਾਨਵੀਰ ਕੁਹਾਲੀ ਨੇ ਹੁਸੈਨ ਨੂੰ ਹਰਾਇਆ ਜਦਕਿ ਅਭਿਨਾਇਕ ਉੱਤਰ ਪ੍ਰਦੇਸ਼ ਤੇ ਮੇਜਰ ਵਿਚਕਾਰ ਹੋਈ ਝੰਡੀ ਦੀ ਇੱਕ ਹੋਰ ਕੁਸ਼ਤੀ ਬੇਸਿਟਾ ਰਹੀ।