ਟਿੱਪਰਾਂ ਤੋਂ ਪ੍ਰੇਸ਼ਾਨ ਖਿਜ਼ਰਾਬਾਦ ਵਾਸੀਆਂ ਨੇ ਮੋਰਚਾ ਲਾਇਆ
ਮਿਹਰ ਸਿੰਘ
ਕੁਰਾਲੀ, 26 ਜੂਨ
ਘਾੜ ਇਲਾਕੇ ਵਿੱਚ ਹੁੰਦੀ ਖਣਨ ਕਾਰਨ ਚੱਲਦੇ ਟਿੱਪਰਾਂ ਤੋਂ ਪ੍ਰੇਸ਼ਾਨ ਪਿੰਡ ਖਿਜ਼ਰਾਬਾਦ ਦੇ ਵਸਨੀਕਾਂ ਨੇ ਖ਼ੁਦ ਮੋਰਚਾ ਲਗਾ ਕੇ ਟਿੱਪਰ ਰੋਕੇ। ਪਿੰਡ ਵਾਸੀਆਂ ਅੱਗੇ ਝੁਕਦਿਆਂ ਕਰੱਸ਼ਰ ਮਾਲਕਾਂ ਨੇ ਪਿੰਡ ਵਾਸੀਆਂ ਦੀਆਂ ਸ਼ਰਤਾਂ ਮੰਨੀਆਂ ਜਿਸ ਤੋਂ ਬਾਾਅਦ ਟਿੱਪਰ ਮੁੜ ਚੱਲਣ ਦਿੱਤੇ।
ਘਾੜ ਇਲਾਕੇ ਵਿੱਚ ਹੋ ਰਹੀ ਖਣਨ ਅਤੇ ਕਰੱਸ਼ਰਾਂ ਕਾਰਨ ਰੇਤੇ, ਮਿੱਟੀ, ਬਜਰੀ, ਗਰੈਵਲ ਆਦਿ ਨਾਲ ਭਰੇ ਟਿੱਪਰਾਂ ਨੇ ਖਿਜ਼ਰਾਬਾਦ ਵਾਸੀਆਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਇਸ ਤੋਂ ਅੱਕੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਬੱਸ ਅੱਡੇ ਨੇੜੇ ਪੱਕਾ ਮੋਰਚਾ ਲਗਾ ਕੇ ਟਿੱਪਰਾਂ ਤੇ ਟਰੈਕਟਰ-ਟਰਾਲੀਆਂ ਦਾ ਲਾਂਘਾ ਬੰਦ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਚੇਅਰਮੈਨ ਤੇ ਸਾਬਕਾ ਸਰਪੰਚ ਕ੍ਰਿਪਾਲ ਸਿੰਘ, ਪਰਮਜੀਤ ਸਿੰਘ, ਜਗਮੋਹਨ ਸਿੰਘ, ਹਰਮਨਜੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਵਿੱਚ ਹਰ ਸਮੇਂ ਟਿੱਪਰਾਂ ਦੀ ਆਵਾਜਾਈ ਚੱਲਦੀ ਰਹਿੰਦੀ ਹੈ। ਇਸ ਕਾਰਨ ਜਿੱਥੇ ਪੂਰੇ ਇਲਾਕੇ ਦੀਆਂ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਉੱਥੇ ਪਿੰਡ ਵਿੱਚ ਅਕਸਰ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਟਿੱਪਰਾਂ ਕਾਰਨ ਬੱਚਿਆਂ, ਬਜ਼ੁਰਗਾਂ ਤੇ ਮਹਿਲਾਵਾਂ ਦਾ ਸੜਕਾਂ ’ਤੇ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਟਿੱਪਰਾਂ ਕਾਰਨ ਪਿੰਡ ਦੇ ਚੁਫੇਰੇ ਉੱਡਦੀ ਧੂੜ ਸਾਹ, ਦਮੇ ਤੇ ਐਲਰਜੀ ਜਿਹੇ ਹੋਰ ਰੋਗਾਂ ਦਾ ਕਾਰਨ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਇਸ ਸਮੱਸਿਆ ਦਾ ਹੱਲ ਕੱਢਣ ਵਿੱਚ ਅਸਫ਼ਲ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਖ਼ੁਦ ਮੋਰਚਾ ਲਗਾ ਕੇ ਟਿੱਪਰ ਰੋਕਣੇ ਪਏ।
ਪਿੰਡ ਵਾਸੀਆਂ ਵੱਲੋਂ ਸ਼ੁਰੂ ਕੀਤੇ ਮੋਰਚੇ ਨੂੰ ਦੇਖਦਿਆਂ ਕਰੱਸ਼ਰ ਤੇ ਟਿੱਪਰ ਮਾਲਕਾਂ ਨੇ ਪਤਵੰਤਿਆਂ ਨਾਲ ਮੀਟਿੰਗ ਕੀਤੀ। ਇਸ ਵਿੱਚ ਪਿੰਡ ਵਾਸੀਆਂ ਨੇ ਆਪਣੀਆਂ ਸ਼ਰਤਾਂ ਰੱਖੀਆਂ। ਪਿੰਡ ਵਾਸੀਆਂ ਵੱਲੋਂ ਰੱਖੀਆਂ ਸ਼ਰਤਾਂ ਨੂੰ ਮੰਨਣ ਉਪਰੰਤ ਪਿੰਡ ਵਾਸੀਆਂ ਨੇ ਟਿੱਪਰ ਤੇ ਟਰੈਕਟਰ-ਟਰਾਲੀਆਂ ਸ਼ਰਤਾਂ ਅਨੁਸਾਰ ਚੱਲਣ ਦੀ ਖੁੱਲ੍ਹ ਦਿੱਤੀ।
ਕ੍ਰਿਪਾਲ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਕਰੱਸ਼ਰ ਮਾਲਕਾਂ ਨੇ ਲਿਖਤੀ ਤੌਰ ’ਤੇ ਮੰਨਿਆ ਹੈ ਕਿ ਸਵੇਰੇ 7 ਵਜੇ ਤੋਂ ਸਕੂਲ ਲੱਗਣ ਦੇ ਸਮੇਂ ਤੋਂ ਬਾਅਦ 8.30 ਵਜੇ ਤੱਕ, ਛੁੱਟੀ ਦੇ ਸਮੇਂ ਦੁਪਹਿਰ 1.30 ਵਜੇ ਤੋਂ 3 ਵਜੇ ਤੱਕ ਅਤੇ ਸ਼ਾਮ 5 ਤੋਂ ਰਾਤ ਦੇ 9 ਵਜੇ ਤੱਕ ਟਿੱਪਰ ਬਿਲਕੁਲ ਨਹੀਂ ਚੱਲਣਗੇ। ਇਸ ਤੋਂ ਇਲਾਵਾ ਟਿੱਪਰਾਂ ਦੀ ਪਿੰਡ ਦੀ ਹੱਦ ਅੰਦਰ ਰਫ਼ਤਾਰ 20 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਵੇਗੀ, ਟਿੱਪਰਾਂ ਵਿੱਚੋਂ ਪਾਣੀ ਲੀਕ ਨਹੀਂ ਕਰਦਾ ਹੋਵੇਗਾ, ਪਿੰਡ ਦੀ ਹੱਦ ਅੰਦਰ ਪ੍ਰੈੱਸ਼ਰ ਹਾਰਨ ਦੀ ਵਰਤੋਂ ਨਹੀਂ ਹੋਵੇਗੀ, ਟਿੱਪਰਾਂ ’ਤੇ ਨੰਬਰ ਪਲੇਟਾਂ ਲਾਜ਼ਮੀ ਤੌਰ ’ਤੇ ਸਪਸ਼ਟ ਨਜ਼ਰ ਆਉਂਦੀਆਂ ਹੋਣਗੀਆਂ ਅਤੇ ਪਿੰਡ ਦੀਆਂ ਸੜਕਾਂ ਉੱਤੇ ਸਵੇਰ ਸ਼ਾਮ ਪਾਣੀ ਦਾ ਛਿੜਕਾਅ ਕਰਨਾ ਲਾਜ਼ਮੀ ਹੋਵੇਗਾ। ਇਹ ਸ਼ਰਤਾਂ ਮੰਨੇ ਜਾਣ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣਾ ਮੋਰਚਾ ਚੁੱਕਣ ਦਾ ਫ਼ੈਸਲਾ ਲਿਆ। ਕ੍ਰਿਪਾਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਜੇ ਟਿੱਪਰ ਚਾਲਕਾਂ ਨੇ ਫ਼ੈਸਲੇ ਦੀ ਉਲੰਘਣਾ ਕੀਤੀ ਤਾਂ ਉਹ ਮੁੜ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਦਵਿੰਦਰ ਸਿੰਘ ਗੋਲਡੀ, ਜਸ਼ਨਪ੍ਰੀਤ ਸਿੰਘ, ਗਗਨਪ੍ਰੀਤ ਸਿੰਘ, ਮਲਾਰਾ ਸਿੰਘ ਆਦਿ ਹਾਜ਼ਰ ਸਨ।
ਟਿੱਪਰਾਂ ’ਤੇ ਸਖ਼ਤੀ ਕਰੇ ਸਰਕਾਰ: ਬੜੌਦੀ
ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਖਰੜ ਦੇ ਆਗੂ ਹਰਮੇਸ਼ ਸਿੰਘ ਬੜੌਦੀ ਨੇ ਕਿਹਾ ਕਿ ਟਿੱਪਰ ਚਾਲਕਾਂ ਤੇ ਕਰੱਸ਼ਰਾਂ ਵੱਲੋਂ ਘਾੜ ਇਕਾਲੇ ਦੀ ਕੀਤੀ ਜਾ ਰਹੀ ਦੁਰਗਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਰਕਾਰ ਤੋਂ ਟਿੱਪਰਾਂ ’ਤੇ ਸਖ਼ਤੀ ਕਰਨ ਅਤੇ ਕਾਰਵਾਈ ਦੀ ਮੰਗ ਕੀਤੀ।