ਕੇਜਰੀਵਾਲ ਨੇ ਭਗਵੰਤ ਮਾਨ ’ਤੇ ਸੀਐੱਮ ਦਾ ਅਹੁਦਾ ਛੱਡਣ ਲਈ ਦਬਾਅ ਪਾਇਆ: ਸਿਰਸਾ
ਦਿੱਲੀ ਸਰਕਾਰ ’ਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ‘ਆਪ’ ਸੁਪਰੀਮ ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ’ਤੇ ਮੁੱਖ ਮੰਤਰੀ ਅਹੁਦਾ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਸਿਰਸਾ ਨੇ ਕਿਹਾ ਕਿ ਡਰਦੇ ਮਾਰੇ ਭਗਵੰਤ ਮਾਨ ਹਸਪਤਾਲ ਵਿਚ ਦਾਖ਼ਲ ਹੋ ਗਏ ਤੇ ਉਨ੍ਹਾਂ ਦੀ ਕੁਰਸੀ ਬਚ ਗਈ। ਸਿਰਸਾ ਨੇ ਕਿਹਾ ਕਿ ਉਹ ਭਗਵੰਤ ਮਾਨ ਨਾਲ ਖੜ੍ਹੇ ਹਨ।
ਸਿਰਸਾ ਨੇ ਪੀਟੀਆਈ ਵੀਡੀਓਜ਼ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ’ਤੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਸੀ। ਅਸੀਂ ਭਗਵੰਤ ਮਾਨ ਨਾਲ ਖੜ੍ਹੇ ਹਾਂ, ਕਿਉਂਕਿ ਇਹ ਗਲਤ ਸੀ। ਡਰ ਦੇ ਮਾਰੇ ਭਗਵੰਤ ਮਾਨ ਹਸਪਤਾਲ ਵਿੱਚ ਭਰਤੀ ਹੋਏ, ਇਹ ਚੰਗਾ ਹੈ, ਉਨ੍ਹਾਂ ਦੀ ਕੁਰਸੀ ਬਚ ਗਈ। ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮਾਮਲਿਆਂ 'ਤੇ ਬੋਲਣ ਦਾ ਕੀ ਹੱਕ ਹੈ? ਉਹ ਦਿੱਲੀ ਹਾਰ ਗਏ, ਫਿਰ ਪੰਜਾਬ ਚਲੇ ਗਏ, ਹੁਣ ਜਦੋਂ ਪੰਜਾਬ ਵਿੱਚ ਹੜ੍ਹ ਆਇਆ, ਤਾਂ ਉਹ ਗੁਜਰਾਤ ਭੱਜ ਗਏ, ਉਹ ਭੱਜ ਗਏ। ਉਹ ਮੁੱਖ ਮੰਤਰੀ ਨੂੰ ਕਿਉਂ ਹਟਾਉਣਾ ਚਾਹੁੰਦੇ ਹਨ, ਪੰਜਾਬ ਦੇ ਲੋਕਾਂ ਨੂੰ ਫੈਸਲਾ ਕਰਨ ਦਿਓ। ਅਜਿਹਾ ਕਰਨ ਵਾਲਾ ਅਰਵਿੰਦ ਕੇਜਰੀਵਾਲ ਕੌਣ ਹੈ?’’
ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 5 ਸਤੰਬਰ ਦੀ ਰਾਤ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਲੰਘੇ ਦਿਨ ਉਹ ਪੰਜਾਬ ਕੈਬਨਿਟ ਦੀ ਬੈਠਕ ਵਿਚ ਵੀ ਵਰਚੁਅਲੀ ਸ਼ਾਮਲ ਹੋਏ ਸਨ।