ਸ਼ਿਲਪ ਮੇਲੇ ’ਚ ਕਸ਼ਮੀਰੀ ਕਾਹਵੇੇ ਨੇ ਚੰਡੀਗੜ੍ਹੀਏ ਮੋਹੇ
ਕਲਾਗ੍ਰਾਮ ’ਚ ਚੱਲ ਰਹੇ 15ਵੇਂ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਵਿੱਚ ਹੋਰਨਾਂ ਸਟਾਲਾਂ ਦੇ ਨਾਲ-ਨਾਲ ਸੁੱਕੇ ਮੇਵਿਆਂ ਦੀ ਵੀ ਬਹੁਤਾਤ ਦੇਖਣ ਨੂੰ ਮਿਲੀ। ਕਸ਼ਮੀਰੀ ਕਾਹਵਾ, ਸੁੱਕੇ ਮੇਵਿਆਂ ਅਤੇ ਪਹਾੜੀ ਲਸਣ ਦੀ ਕਾਫ਼ੀ ਖਰੀਦਦਾਰੀ ਹੋਈ।
ਸ਼ਿਲਪ ਮੇਲਿਆਂ ਵਿੱਚ ਆਪਣੇ ਸੁੱਕੇ ਮੇਵਿਆਂ ਲਈ ਨਾਮਣਾ ਖੱਟਣ ਵਾਲੇ ਇੱਕ ਕਸ਼ਮੀਰੀ ਦੁਕਾਨਦਾਰ ਨੇ ਦੱਸਿਆ ਕਿ ਕੈਮੀਕਲ ਰਹਿਤ ਅਖਰੋਟ, ਅਖਰੋਟ ਦੀ ਗਿਰੀ, ਬਦਾਮ ਅਤੇ ਬਦਾਮ ਦੀਆਂ ਗਿਰੀਆਂ ਸਮੇਤ ਅੰਜੀਰ, ਖੁਰਮਾਨੀ, ਮਿਸ਼ਰਤ ਸੁੱਕੇ ਮੇਵੇ, ਆੜੂ, ਗੁਲਾਬਬੇਰੀ, ਸੂਰਜਮੁਖੀ ਅਤੇ ਕੱਦੂ ਦੇ ਬੀਜ, ਕਰੈਨਬੇਰੀ, ਲਾਲ, ਕਾਲੇ ਅਤੇ ਹਰੇ ਸੌਗੀ, ਜੰਗਲੀ ਕਾਲਾ ਅਤੇ ਸ਼ੁੱਧ ਬਬੂਲ ਸ਼ਹਿਦ, ਸ਼ਾਨਦਾਰ ਗੁਣਵੱਤਾ ਵਾਲਾ ਸ਼ਿਲਜੀਤ ਵੀ ਮੇਲੀਆਂ ਦੇ ਪਸੰਦ ਆ ਰਹੇ ਹਨ।
ਮੇਲੇ ਵਿੱਚ ਦਿਨ ਦੇ ਸੈਸ਼ਨ ਦੌਰਾਨ ਪੰਜਾਬ ਦੇ ਕਰਮ ਸਿੰਘ ਐਂਡ ਗਰੁੱਪ ਵੱਲੋਂ ਪੇਸ਼ ਕੀਤੇ ਗਏ ਝੂਮਰ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਜਿਸ ਉਪਰੰਤ ਸੁਰੀਲੇ ਸੰਗੀਤ ਅਤੇ ਵੱਖ-ਵੱਖ ਰਾਜਾਂ ਵਿੱਚ ਰਾਜਸਥਾਨ ਦੇ ਚੱਕਰੀ ਨਾਚ, ਪੱਛਮੀ ਬੰਗਾਲ ਦੇ ਰਾਏਬੇਂਸ਼ੇ ਨਾਚ, ਜੰਮੂ-ਕਸ਼ਮੀਰ ਦਾ ਜਾਗਰਣ ਨਾਚ, ਬਿਹਾਰ ਦਾ ਝਿਜੀਆ ਨਾਚ ਅਤੇ ਮਹਾਰਾਸ਼ਟਰ ਦਾ ਧਨਗਿਰੀ ਗਜਾ ਨਾਚ ਨੇ ਦਰਸ਼ਕਾਂ ਨੂੰ ਆਪਣੇ-ਆਪਣੇ ਰਾਜਾਂ ਦੇ ਲੋਕ ਸੱਭਿਆਚਾਰ ਤੋਂ ਜਾਣੂ ਕਰਵਾਇਆ। ਇਨ੍ਹਾਂ ਪ੍ਰਦਰਸ਼ਨਾਂ ਤੋਂ ਬਾਅਦ ਮੁਰਲੀ ਰਾਜਸਥਾਨੀ ਨੇ ਦੁਪਹਿਰ ਦੇ ਸੈਸ਼ਨ ਵਿੱਚ ਸਟੇਜ ’ਤੇ ਆਪਣੀ ਲੋਕ ਗਾਇਕੀ ਰਾਹੀਂ ਆਪਣੇ ਰਾਜ ਦੇ ਲੋਕ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ।
ਸ਼ਾਮ ਦੇ ਸੈਸ਼ਨ ਵਿੱਚ, ਜੰਮੂ-ਕਸ਼ਮੀਰ ਦਾ ਰਾਊਫ ਨਾਚ, ਉਤਰਾਖੰਡ ਦਾ ਛਪੇਲੀ ਨਾਚ, ਅਸਾਮ ਦਾ ਬਿਹੂ ਨਾਚ ਅਤੇ ਹਰਿਆਣਾ ਦਾ ਘੂਮਰ ਨਾਚ ਨੇ ਇਨ੍ਹਾਂ ਰਾਜਾਂ ਦੇ ਲੋਕ ਸੱਭਿਆਚਾਰ ਦੀ ਖੁਸ਼ਬੂ ਫੈਲਾਈ। ਲੋਕ ਕਲਾ ਪ੍ਰੇਮੀ ਜੰਮੂ-ਕਸ਼ਮੀਰ ਦੇ ਧਮਾਲੀ ਦੇ ਮਨਮੋਹਕ ਪ੍ਰਦਰਸ਼ਨ ਅਤੇ ਤੇਲੰਗਾਨਾ ਦੇ ਗੋਂਡ ਕਬੀਲੇ ਦੇ ਰਵਾਇਤੀ ਮਥੂਰੀ ਨਾਚ ਤੋਂ ਮੰਤਰ ਮੁਗਧ ਹੋ ਗਏ। ਅੰਤ ਵਿੱਚ ਪੰਜਾਬੀ ਭੰਗੜੇ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
