ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੰਡੀਗੜ੍ਹੀਆਂ ਲਈ ਮੁਸੀਬਤ ਬਣਿਆ ਕਰਨ ਔਜਲਾ ਦਾ ਪ੍ਰੋਗਰਾਮ

ਸ਼ਹਿਰਵਾਸੀਆਂ ਵੱਲੋਂ ਅਜਿਹੇ ਪ੍ਰੋਗਰਾਮਾਂ ’ਤੇ ਪਾਬੰਦੀ ਲਗਾਉਣ ਦੀ ਮੰਗ
Advertisement

ਕੁਲਦੀਪ ਸਿੰਘ

ਚੰਡੀਗੜ੍ਹ, 8 ਦਸੰਬਰ

Advertisement

ਸਿਟੀ ਬਿਊਟੀਫੁੱਲ ਨਿਵਾਸੀਆਂ ਲਈ ਪ੍ਰਸਿੱਧ ਪੰਜਾਬੀ ਗਾਇਕ ‘ਕਰਨ ਔਜਲਾ’ ਦਾ ਸੈਕਟਰ-34 ਦੇ ਗਰਾਊਂਡ ਵਿੱਚ ਕਰਵਾਇਆ ਗਿਆ ਪ੍ਰੋਗਰਾਮ ਉਸ ਸਮੇਂ ਮੁਸੀਬਤ ਬਣ ਗਿਆ ਜਦੋਂ ਲਗਭਗ ਅੱਧਾ ਸ਼ਹਿਰ ਟਰੈਫ਼ਿਕ ਕਾਰਨ ਜਾਮ ਵਿੱਚ ਫਸ ਗਿਆ। ਬੇਕਾਬੂ ਹੋਈ ਟਰੈਫ਼ਿਕ ਕਾਰਨ ਕਈ ਸੈਕਟਰਾਂ ਵਿੱਚ ਤਾਂ ਲਗਭਗ ਪੂਰਾ ਦਿਨ ਹੀ ਲੋਕ ਆਪਣੇ ਘਰਾਂ ਵਿੱਚ ਕੈਦ ਰਹੇ ਜਿਸ ਨੂੰ ਲੈ ਕੇ ਲੋਕਾਂ ਵਿੱਚ ਪ੍ਰਸ਼ਾਸਨ ਦੇ ਘਟੀਆ ਪ੍ਰਬੰਧਾਂ ਪ੍ਰਤੀ ਰੋਸ ਹੈ। ਹਾਲਾਂਕਿ ਕਰਨ ਔਜਲਾ ਦਾ ਬੀਤੇ ਦਿਨ ਕਰਵਾਇਆ ਗਿਆ ਪ੍ਰੋਗਰਾਮ ਇੱਕ ਮਿਸਾਲ ਪੇਸ਼ ਕਰ ਗਿਆ ਹੈ ਪ੍ਰੰਤੂ ਜੇਕਰ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ 14 ਦਸੰਬਰ ਨੂੰ ਸੈਕਟਰ-34 ਦੀ ਗਰਾਊਂਡ ਵਿੱਚ ਹੀ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੁਸਾਂਝ ਦਾ ਹੋਰ ਵੀ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ 21 ਦਸੰਬਰ ਨੂੰ ਗਾਇਕ ਏ.ਪੀ. ਢਿੱਲੋਂ ਦਾ ਪ੍ਰੋਗਰਾਮ ਹੋ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿਚ ਹਜ਼ਾਰਾਂ ਦਰਸ਼ਕ ਅਤੇ ਪ੍ਰਸ਼ੰਸਕ ਵੱਡੀ ਗਿਣਤੀ ’ਚ ਵਾਹਨਾਂ ਸਮੇਤ ਪਹੁੰਚਣਗੇ। ਸੈਕਟਰ 34 ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਅਤੇ ਦਿੱਲੀ, ਹਰਿਆਣਾ ਤੇ ਪੰਜਾਬ ਤੋਂ ਆਉਣ ਵਾਲੀ ਭਾਰੀ ਟਰੈਫ਼ਿਕ ਵੀ ਸੈਕਟਰ 34 ਨੇੜੇ ਸੜਕ ਤੋਂ ਲੰਘਦੀ ਹੈ ਅਤੇ ਸੈਕਟਰ 32 ਦਾ ਸਰਕਾਰੀ ਹਸਪਤਾਲ ਵੀ ਇਸੇ ਸੜਕ ’ਤੇ ਹੈ। ਦੇਖਣ ਵਿੱਚ ਆਇਆ ਹੈ ਕਿ ਸੈਕਟਰ 34 ਦੀ ਗਰਾਊਂਡ ’ਚ ਜਦੋਂ ਵੀ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਆਸ-ਪਾਸ ਦੀਆਂ ਸਾਰੀਆਂ ਸੜਕਾਂ ਕਈ ਘੰਟੇ ਬੰਦ ਹੋ ਜਾਂਦੀਆਂ ਹਨ ਤੇ ਆਵਾਜਾਈ ਠੱਪ ਹੋ ਜਾਂਦੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਅਤੇ ਹਰਿਆਣਾ ਤੋਂ ਗੰਭੀਰ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਕਈ ਐਂਬੂਲੈਂਸਾਂ ਇਸ ਸੜਕ ਰਾਹੀਂ ਪੀ.ਜੀ.ਆਈ. ਤੇ ਸੈਕਟਰ 32 ਦੇ ਹਸਪਤਾਲ ਨੂੰ ਜਾਂਦੀਆਂ ਹਨ। ਹੁਣ 14 ਤੇ 21 ਦਸੰਬਰ ਨੂੰ ਹੋਣ ਵਾਲੇ ਸਮਾਗਮਾਂ ਲਈ ਹੋਣ ਵਾਲੀ ਭਾਰੀ ਭੀੜ ਨੂੰ ਦੇਖਦਿਆਂ ਇੰਝ ਜਾਪਦਾ ਹੈ ਕਿ ਇਨ੍ਹਾਂ ਸੈਕਟਰਾਂ ਦੇ ਆਲੇ-ਦੁਆਲੇ ਦੀਆਂ ਸੜਕਾਂ ਵੀ ਲਗਭਗ ਪੂਰਾ ਦਿਨ ਬੰਦ ਰਹਿਣਗੀਆਂ।

ਸੈਕਟਰ-34 ’ਚ ਹੋਣ ਵਾਲੇ ਬਾਕੀ ਪ੍ਰੋਗਰਾਮਾਂ ਦੀ ਜਗ੍ਹਾ ਬਦਲਣ ਦੀ ਮੰਗ

ਚੰਡੀਗੜ੍ਹ ਤੋਂ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਨਗਰ ਨਿਗਮ ਦੇ ਸਾਬਕਾ ਮੇਅਰ ਅਰੁਣ ਸੂਦ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਮੰਗ ਕੀਤੀ ਕਿ ਯੂਟੀ ਪ੍ਰਸ਼ਾਸਨ ਸੈਕਟਰ-34 ਵਿੱਚ ਹੋਣ ਵਾਲੇ ਹੋਰਨਾਂ ਪ੍ਰੋਗਰਾਮਾਂ ਨੂੰ ਰੱਦ ਕਰਕੇ ਸੈਕਟਰ 25 ਦੀ ਗਰਾਊਂਡ ਜਾਂ ਸ਼ਹਿਰ ਤੋਂ ਬਾਹਰ ਕਿਸੇ ਢੁੱਕਵੀਂ ਥਾਂ ’ਤੇ ਪ੍ਰੋਗਰਾਮ ਕਰਨ ਦੀ ਇਜ਼ਾਜਤ ਦੇਵੇ ਤਾਂ ਜੋ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ। ਵੈਸੇ ਵੀ ਚੰਡੀਗੜ੍ਹ ਪ੍ਰਸ਼ਾਸਨ ਦੀ ਨੀਤੀ ਹੈ ਕਿ ਵੱਡੇ ਪ੍ਰੋਗਰਾਮਾਂ ਅਤੇ ਰੈਲੀਆਂ ਦੀ ਸਿਰਫ਼ ਸੈਕਟਰ 25 ਦੀ ਗਰਾਊਂਡ ਵਿੱਚ ਹੀ ਇਜ਼ਾਜਤ ਹੈ ਅਤੇ ਬਾਕੀ ਸ਼ਹਿਰ ਵਿੱਚ ਮਨਾਹੀ ਹੈ। ਸੂਦ ਨੇ ਕਿਹਾ ਕਿ ਜੇਕਰ ਸ਼ਹਿਰ ਵਾਸੀ ਕਿਸੇ ਧਰਨੇ ਦੀ ਇਜ਼ਾਜਤ ਲੈਣ ਲਈ ਪ੍ਰਸ਼ਾਸਨ ਕੋਲ ਜਾਂਦੇ ਹਨ ਤਾਂ ਪੁਲੀਸ ਟਰੈਫਿਕ ਜਾਮ ਦਾ ਹਵਾਲਾ ਦੇ ਕੇ ਇਜਾਜ਼ਤ ਨਹੀਂ ਦਿੰਦੀ। ਹੁਣ ਅਜਿਹੇ ਸਮਾਗਮਾਂ ਜੋ ਚੈਰੀਟੇਬਲ ਨਹੀਂ, ਸਿਰਫ ਵਪਾਰਕ ਹਨ, ਨੂੰ ਵੱਡੀ ਗਿਣਤੀ ਵਿੱਚ ਇਜ਼ਾਜਤ ਦਿੱਤੀ ਜਾ ਰਹੀ ਹੈ।

Advertisement
Show comments