ਗੁਰਦੁਆਰਾ ਮੁਮਤਾਜ਼ਗੜ੍ਹ ਦੀ ਇਮਾਰਤ ਦੀ ਕਾਰ ਸੇਵਾ ਸ਼ੁਰੂ
ਪਿਛਲੇ ਦਿਨੀਂ ਭਾਰੀ ਬਰਸਾਤ ਦੌਰਾਨ ਨੁਕਸਾਨੀ ਗੁਰਦੁਆਰਾ ਸ੍ਰੀ ਮੁਮਤਾਜ਼ਗੜ੍ਹ ਸਾਹਿਬ ਬੜੀ ਦੇ ਰਿਹਾਇਸ਼ੀ ਕਮਰਿਆ ਦੀ ਇਮਾਰਤ ਦੀ ਮੁਰੰਮਤ ਦੀ ਕਾਰ ਸੇਵਾ ਦਾ ਕੰਮ ਸ਼ੁਰੂ ਹੋ ਗਿਆ ਹੈ। ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਮੁਖੀ ਬੁੱਢਾ ਦਲ ਦੇ ਪ੍ਰਬੰਧ ਅਧੀਨ ਚਲ ਰਹੇ ਗੁਰਦੁਆਰਾ ਸਾਹਿਬ ਦੇ ਰਿਹਾਇਸ਼ੀ ਕਮਰਿਆਂ ਨੇੜਿਉ ਮਿੱਟੀ ਖੁਰ ਜਾਣ ਕਾਰਨ ਕਮਰਿਆਂ ਦੀ ਇਮਾਰਤ ਦਾ ਕੁਝ ਹਿੱਸਾ ਨੁਕਸਾਨਿਆ ਗਿਆ ਸੀ। ਅੱਜ ਇਲਾਕੇ ਦੇ ਨੌਜਵਾਨਾਂ ਨੇ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਕਰ ਰਹੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਦੀ ਦੇਖ ਰੇਖ ਅਧੀਨ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਬਾਬਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੀਂਹ ਨਾਲ ਜਿੱਥੇ ਰਿਹਾਇਸ਼ੀ ਕਮਰਿਆਂ ਦੇ ਨੇੜੇ ਮਿੱਟੀ ਖੁਰ ਗਈ ਸੀ, ਉੱਥੇ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਪਿਛਲੇ ਪਾਸੇ ਵੀ ਕਾਫੀ ਮਿੱਟੀ ਖੁਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਾਰ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰ ਸੇਵਾ ਦੌਰਾਨ ਕੋਈ ਵੀ ਸੇਵਾਦਾਰ ਪੱਥਰ, ਮਿੱਟੀ ਡੀਜ਼ਲ ਆਦਿ ਦਾ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਅਤੇ ਬਾਬਾ ਮਨਜੀਤ ਸਿੰਘ ਤੋਂ ਇਲਾਵਾ ਮਲੂਕ ਸਿੰਘ ਲਾਡੀ, ਫਤਿਹ ਜੰਗ ਸਿੰਘ ਸੋਲਖੀਆਂ ਹਾਜ਼ਰ ਸਨ।