ਕਾਈਨੌਰ ਦੇ ਸਰਪੰਚ ਨੇ ਅਸਤੀਫ਼ਾ ਦਿੱਤਾ
ਪੱਤਰ ਪ੍ਰੇਰਕ
ਮੋਰਿੰਡਾ, 11 ਜੁਲਾਈ
ਪਿੰਡ ਕਾਈਨੌਰ ਦੇ ਸਰਪੰਚ ਹਰਪ੍ਰੀਤ ਸਿੰਘ ਵੱਲੋਂ ਮੌਜੂਦਾ ਸਿਸਟਮ ਤੋਂ ਤੰਗ ਆ ਕੇ ਅਤੇ ਸਰੀਰਕ ਤੇ ਮਾਨਸਿਕ ਤੌਰ ’ਤੇ ਠੀਕ ਨਾ ਹੋਣ ਕਾਰਨ ਆਪਣੇ ਆਹੁਦੇ ਤੋਂ ਅਸਤੀਫਾ ਦੇ ਕੇ ਪ੍ਰਵਾਨਗੀ ਲਈ ਡਾਇਰੈਕਟਰ ਪੰਚਾਇਤ ਨੂੰ ਭੇਜ ਦਿੱਤਾ ਹੈ। ਇਸ ਸਬੰਧੀ ਹਰਪ੍ਰੀਤ ਸਿੰਘ ਵੱਲੋਂ ਭੇਜਿਆ ਗਿਆ ਇਹ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਇਸ ਪੱਤਰ ਅਨੁਸਾਰ ਪੰਚਾਇਤੀ ਚੋਣਾਂ ਦੌਰਾਨ ਪਿੰਡ ਕਾਈਨੌਰ ਵਿੱਚ ਹਰਪ੍ਰੀਤ ਸਿੰਘ ਨੂੰ ਸਰਪੰਚ ਚੁਣਿਆ ਗਿਆ ਸੀ, ਜਿਨ੍ਹਾਂ ਪਿੰਡ ਦੇ ਸੁਧਾਰ ਸਬੰਧੀ ਕਈ ਵਾਅਦੇ ਕੀਤੇ ਸਨ ਪਰ ਚੋਣਾਂ ਉਪਰੰਤ ਜਦੋਂ ਉਨ੍ਹਾਂ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਤਾਂ ਮੌਜੂਦਾ ਸਿਸਟਮ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਪੱਤਰ ਵਿੱਚ ਕੀਤਾ ਹੈ। ਸਰਪੰਚ ਨੇ ਲਿਖਿਆ ਕਿ ਪਿੰਡ ਦੇ ਕੁਝ ਪੰਚਾਇਤ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਨਹੀਂ ਮਿਲ ਸਕਿਆ। ਬੀਡੀਪੀਓ ਹਰਕੀਤ ਸਿੰਘ ਨੇ ਸਰਪੰਚ ਹਰਪ੍ਰੀਤ ਸਿੰਘ ਦੇ ਸਿਹਤ ਠੀਕ ਨਾ ਹੋਣ ਕਾਰਨ ਅਸਤੀਫਾ ਦੇਣ ਦੀ ਪੁਸ਼ਟੀ ਕੀਤੀ ਹੈ।