ਕੰਵਰ ਗਰੇਵਾਲ ਵੱਲੋਂ ‘ਸੇਵਾ ਵਿੱਚ ਪੰਜਾਬੀ ਕੌਮ ਸ਼ੇਰ ਹੈ’ ਗੀਤ ਸਿੱਖ ਸੇਵਾ ਭਾਵਨਾ ਨੂੰ ਸਮਰਪਿਤ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਰੇਵਾਲ ਨੇ ਦੱਸਿਆ ਕਿ ਇਸ ਗੀਤ ਰਾਹੀਂ ਇਹ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਪੰਜਾਬ ਆਫ਼ਤ ਅਤੇ ਸੰਕਟ ਦੇ ਹਰ ਸਮੇਂ ਹਿੰਮਤ, ਬਹਾਦਰੀ ਅਤੇ ਸੇਵਾ ਦੀ ਭਾਵਨਾ ਨਾਲ ਮਜ਼ਬੂਤ ਖੜ੍ਹਾ ਹੈ।
ਕਲਗੀਧਰ ਟਰੱਸਟ ਦੇ ਉਪ-ਪ੍ਰਧਾਨ ਭਾਈ ਜਗਜੀਤ ਸਿੰਘ ਉਰਫ ਕਾਕਾ ਵੀਰ, ਡਾ. ਦਵਿੰਦਰ ਸਿੰਘ ਅਤੇ ਵਾਲੰਟੀਅਰ ਹਰਮੀਤ ਸਿੰਘ ਨੇ ਦੱਸਿਆ ਕਿ ਸੰਸਥਾ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ 100 ਨਵੇਂ ਘਰਾਂ ਦੀ ਉਸਾਰੀ ਪੂਰੀ ਕਰ ਲਈ ਹੈ। ਕਲਗੀਧਰ ਟਰੱਸਟ ਨੇ ਪੁਸ਼ਟੀ ਕੀਤੀ ਕਿ ਬਚਾਅ, ਰਾਹਤ ਅਤੇ ਪੁਨਰਵਾਸ ਦੇ ਯਤਨ ਲਗਾਤਾਰ ਜਾਰੀ ਰਹਿਣਗੇ।
ਕੰਵਰ ਗਰੇਵਾਲ ਨੇ ਕਲਗੀਧਰ ਟਰੱਸਟ ਦੇ ਸ਼ਲਾਘਾਯੋਗ ਪ੍ਰੋਗਰਾਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ 26 ਅਗਸਤ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਇੱਕ ਵੱਡੇ ਪੱਧਰ ’ਤੇ ਰਾਹਤ ਕਾਰਜ ਸ਼ੁਰੂ ਕੀਤਾ ਗਿਆ ਸੀ, ਜਿਸ ਦੌਰਾਨ 86 ਪਿੰਡਾਂ ਦੇ 5,500 ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਕੱਢਿਆ ਗਿਆ ਸੀ। ਰਾਹਤ ਕਾਰਜਾਂ ਵਿੱਚ ਟਰੱਸਟ ਨੇ ਪਿੰਡਾਂ ਦੇ ਲੋਕਾਂ ਦੀਆਂ ਹਰ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ-ਨਾਲ ਪਸ਼ੂਆਂ ਲਈ ਚਾਰਾ ਅਤੇ ਫੀਡ ਵੰਡੀ।
ਸੂਫੀ ਗਾਇਕ ਗਰੇਵਾਲ ਨੇ ਦੱਸਿਆ ਕਿ ਉਸ ਦਾ ਨਵੀਨਤਮ ਗੀਤ ਸੇਵਾ ਦੀ ਅਧਿਆਤਮਿਕ ਪਰੰਪਰਾ ਨੂੰ ਦਰਸਾਉਂਦਾ ਹੈ ਜਿਸ ਰਾਹੀਂ ਪੰਜਾਬੀਆਂ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਕੀਤੀ ਹੈ।
