ਬਸੀ ਗੁੱਜਰਾਂ ਵਿੱਚ ਗਹਿਣੇ ਤੇ ਨਗਦੀ ਚੋਰੀ
ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿੱਚ ਚੋਰਾਂ ਦੇ ਇੱਕ ਗਰੋਹ ਵੱਲੋਂ ਦਿਨ ਦਿਹਾੜੇ ਇਕ ਘਰ ’ਚ ਦਾਖਲ ਹੋ ਕੇ ਘਰ ਦੀ ਮਾਲਕਣ ਦੀ ਕੁੱਟਮਾਰ ਕੀਤੀ ਤੇ ਉਸ ਕੋਲੋਂ ਕੋਲੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਗਦੀ ਲੈ ਕੇ ਫਰਾਰ ਹੋ ਗਏ। ਪੁਲੀਸ ਵੱਲੋਂ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਰ ਦੇ ਮਾਲਕ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਰਣਜੀਤ ਕੌਰ ਘਰ ਵਿੱਚ ਇਕੱਲੀ ਸੀ। ਇਸੇ ਦੌਰਾਨ ਉਨ੍ਹਾਂ ਦੇ ਘਰ ਇੱਕ ਨੌਜਵਾਨ ਲੜਕੀ ਤੇ ਇੱਕ ਵਿਅਕਤੀ ਆਏ, ਜਿਨ੍ਹਾਂ ਨੇ ਉਸ ਦੀ ਪਤਨੀ ’ਤੇ ਹਮਲਾ ਕਰ ਦਿੱਤਾ ਤੇ ਰਿਵਾਲਵਰ ਦਿਖਾ ਕੇ ਉਸ ਦੀ ਪਤਨੀ ਕੋਲੋਂ ਪੇਟੀ ਵਿੱਚ ਰੱਖਿਆ ਲਗਭਗ 8 ਤੋਂ 9 ਤੋਲੇ ਸੋਨੇ ਦੇ ਗਹਿਣੇ ਅਤੇ 8500 ਰੁਪਿਆ ਲੈ ਕੇ ਫਰਾਰ ਹੋ ਗਏ। ਚੋਰ ਜਾਂਦੇ ਹੋਏ ਉਸ ਦੀ ਪਤਨੀ ਨੂੰ ਰੁਮਾਲ ਸੁੰਘਾ ਕੇ ਬੇਹੋਸ਼ ਕਰਨ ਉਪਰੰਤ ਉਸ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਵੀ ਉਤਾਰ ਕੇ ਲੈ ਗਏ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨ ਅਣਪਛਾਤਿਆਂ (ਇਕ ਮਰਦ ਤੇ ਦੋ ਔਰਤਾਂ) ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।