ਜਵੰਦਾ ਦੀ ਪਤਨੀ ਦਾ ਡਰ ਸੱਚ ਸਾਬਤ ਹੋਇਆ, ਮੋਟਰਸਾਈਕਲ ’ਤੇ ਸ਼ਿਮਲਾ ਜਾਣ ਤੋਂ ਕੀਤਾ ਸੀ ਮਨ੍ਹਾਂ
ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਮੌਤ ਨਾਲ ਨਾ ਸਿਰਫ਼ ਉਨ੍ਹਾਂ ਦੇ ਪ੍ਰਸ਼ੰਸਕ ਬਲਕਿ ਗਾਇਕ ਦਾ ਆਪਣਾ ਪਰਿਵਾਰ ਵੀ ਗਹਿਰੇ ਸਦਮੇ ਵਿਚ ਹੈ। ਬੱਦੀ ਨੇੜੇ 27 ਸਤੰਬਰ ਨੂੰ ਵਾਪਰੇ ਦਰਦਨਾਕ ਹਾਦਸੇ ਦਾ ਇਕ ਪਹਿਲੂ ਇਹ ਵੀ ਹੈ ਕਿ ਰਾਜਵੀਰ ਦੀ ਪਤਨੀ ਨੇ ਜਵੰਦਾ ਨੂੰ ਮੋਟਰਸਾਈਕਲ ’ਤੇ ਸ਼ਿਮਲਾ ਨਾ ਜਾਣ ਦਾ ਵਾਸਤਾ ਪਾਇਆ ਸੀ।
ਜਵੰਦਾ ਪਰਿਵਾਰ ਦੇ ਨਜ਼ਦੀਕੀ ਦੋਸਤਾਂ ਮੁਤਾਬਕ ਰਾਜਵੀਰ ਦੀ ਪਤਨੀ ਨੂੰ ਕਿਸੇ ਅਣਹੋਣੀ ਦਾ ਖਦਸ਼ਾ ਸੀ ਜਿਸ ਕਰਕੇ ਉਸ ਨੇ ਗਾਇਕ ਨੂੰ ਆਪਣੇ 1300 ਸੀਸੀ ਬੀਐੱਮਡਬਲਿਊ ਮੋਟਰਸਾਈਕਲ ’ਤੇ ਪਹਾੜਾਂ ਦਾ ਸਫ਼ਰ ਕਰਨ ਤੋਂ ਰੋਕਿਆ ਸੀ। ਜਵੰਦਾ ਨੇ ਹਾਲਾਂਕਿ ਪਤਨੀ ਵੱਲੋਂ ਵਾਰ-ਵਾਰ ਕੀਤੀਆਂ ਬੇਨਤੀਆਂ ਦੇ ਬਾਵਜੂਦ ਮੋਟਰਸਾਈਕਲ ’ਤੇ ਸ਼ਿਮਲਾ ਜਾਣ ਦੀ ਆਪਣੀ ਯੋਜਨਾ ਜਾਰੀ ਰੱਖੀ।
ਇਹ ਵੀ ਪੜ੍ਹੋ: Lost voices: ਗ਼ੈਰ-ਕੁਦਰਤੀ ਮੌਤ ਕਰਕੇ ਭਰ ਜਵਾਨੀ ’ਚ ਜਹਾਨੋਂ ਤੁਰ ਗਏ ਗਾਇਕ
ਇਹ ਵੀ ਪੜ੍ਹੋ: Rajvir jawanda: ਆਪਣੀ ਸੁਰੀਲੀ ਆਵਾਜ਼ ਦੇ ਨਾਲ ਪੰਜਾਬੀਆਂ ਦੇ ਮਨਾਂ ਵਿੱਚ ਵਸਦਾ ਰਹੇਗਾ ਰਾਜਵੀਰ ਜਵੰਦਾ
ਇਹ ਵੀ ਪੜ੍ਹੋ: ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ, ਸਵੇਰੇ 10:55 ਵਜੇ ਆਖਰੀ ਸਾਹ ਲਏ
ਬਦਕਿਸਮਤੀ ਨਾਲ ਜਵੰਦਾ ਦੀ ਪਤਨੀ ਦਾ ਡਰ ਸੱਚ ਸਾਬਤ ਹੋਇਆ। ਰਾਜਵੀਰ ਦੀ ਮੋਟਰਸਾਈਕਲ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਇੱਕ ਅਵਾਰਾ ਜਾਨਵਰ ਨਾਲ ਟਕਰਾ ਗਈ, ਜਿਸ ਕਾਰਨ ਉਸ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ 11 ਦਿਨਾਂ ਤੱਕ ਉਸ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਬੁੱਧਵਾਰ ਸਵੇਰੇ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ।
ਰਾਜਵੀਰ ਜਵੰਦਾ ਦੇ ਇੱਕ ਕਰੀਬੀ ਦੋਸਤ ਨੇ ‘ਡੇਲੀ ਪੋਸਟ’ ਨੂੰ ਦੱਸਿਆ, ‘‘ਗਾਇਕ ਦੀ ਪਤਨੀ ਨੇ ਉਸ ਨੂੰ ਨਾ ਜਾਣ ਲਈ ਕਿਹਾ... ਪਰ ਉਸ ਨੇ ਨਹੀਂ ਸੁਣਿਆ।" ਇਹ ਸ਼ਬਦ ਪਰਿਵਾਰ ਲਈ ਇੱਕ ਦਰਦਨਾਕ ਯਾਦ ਬਣ ਗਏ ਹਨ।
ਰਾਜਵੀਰ ਜਵੰਦਾ ਆਪਣੇ ਗੀਤਾਂ ‘ਤੂੰ ਦਿਸ ਪੈਂਦਾ’, ‘ਖੁਸ਼ ਰਿਹਾ ਕਰ’, ‘ਸਰਦਾਰੀ’, ‘ਸਰਨੇਮ’, ‘ਆਫਰੀਨ’, ‘ਮਕਾਨ ਮਾਲਕ’, ‘ਡਾਊਨ ਟੂ ਅਰਥ’ ਅਤੇ ‘ਕੰਗਣੀ’ ਲਈ ਵੀ ਜਾਣੇ ਜਾਂਦੇ ਸਨ। ਜਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ ਅਭਿਨੀਤ ਪੰਜਾਬੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’, 2019 ਵਿੱਚ ‘ਜਿੰਦ ਜਾਨ’ ਅਤੇ 2019 ਵਿੱਚ ‘ਮਿੰਦੋ ਤਹਿਸੀਲਦਾਰਨੀ’ ਵਿੱਚ ਕੰਮ ਕੀਤਾ।