ਰਾਹਤ ਸਮੱਗਰੀ ਲੈ ਕੇ ਜਥਾ ਰਵਾਨਾ
ਰੂਪਨਗਰ: ਇੱਥੋਂ ਨੇੜਲੇ ਪਿੰਡ ਕੋਟਲਾ ਨਿਹੰਗ ਦੀ ਖਾਲਸਾ ਪ੍ਰਚਾਰ ਕਮੇਟੀ ਅਤੇ ਸ਼ੇਰ ਏ ਪੰਜਾਬ ਯੂਥ ਕਲੱਬ ਨਾਲ ਸਬੰਧਤ ਨੌਜਵਾਨਾਂ ਦਾ ਜਥਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੜ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਅਜਨਾਲਾ ਲਈ ਰਵਾਨਾ ਹੋਇਆ। ਰਵਾਨਾ ਹੋਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਅਰਦਾਸ ਕੀਤੀ ਗਈ। ਕਲੱਬ ਦੇ ਪ੍ਰਧਾਨ ਲਖਵੀਰ ਸਿੰਘ ਤੇ ਹੋਰ ਮੈਂਬਰਾਂ ਗੁਰਦੀਪ ਸਿੰਘ ਦੀਪੀ, ਭਾਈ ਇਕਬਾਲ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ ਸੋਨੂੰ ਆਦਿ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਮੱਦਦ ਲਈ ਜ਼ਰੂਰੀ ਸਾਮਾਨ ਲਿਜਾਇਆ ਜਾ ਰਿਹਾ ਹੈ। -ਪੱਤਰ ਪ੍ਰੇਰਕ
ਲੈਕਚਰਾਰਾਂ ਦੀ ਸੀਨੀਆਰਤਾ ਸੂਚੀ ਰੱਦ ਕਰਨ ਦੀ ਮੰਗ
ਅਮਲੋਹ: ਗੌਰਮਿੰਟ ਸਕੂਲ ਲੈਕਚਰਾਰ ਪ੍ਰਮੋਸ਼ਨ ਫਰੰਟ ਪੰਜਾਬ ਦੇ ਬੁਲਾਰੇ ਹਰਵਿੰਦਰ ਸਿੰਘ ਭੱਟੋਂ ਅਤੇ ਰਾਮਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੋਸ਼ਨ ਸੈੱਲ ਵੱਲੋਂ ਕਰੀਬ ਦੋ ਸਾਲ ਦੀ ਲੰਮੀ ਵਿਭਾਗੀ ਪ੍ਰਕਿਰਿਆ ਮਗਰੋਂ 21 ਅਗਸਤ ਨੂੰ ਲੈਕਚਰਾਰਾਂ ਦੀ ਸੀਨੀਆਰਤਾ ਸੂਚੀ ਜਾਰੀ ਕੀਤੀ ਹੈ ਜਿਸ ਨੂੰ ਤਿਆਰ ਕਰਨ ਵਿੱਚ ਅਦਾਲਤੀ ਫ਼ੈਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਲੈਕਚਰਾਰਾਂ ਦੇ ਵੱਡੀ ਗਿਣਤੀ ਵਿੱਚ ਨਿੱਜੀ ਇਤਰਾਜ਼ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਤਰੁੱਟੀ ਪੂਰਨ ਸੀਨੀਆਰਤਾ ਸੂਚੀ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ 2015 ਦੀ ਸੀਨੀਆਰਤਾ ਸੂਚੀ ਨੂੰ ਲਾਗੂ ਕੀਤਾ ਜਾਵੇ। ਇਸ ਮੌਕੇ ਲੈਕਚਰਾਰ ਬੀਰ ਰਾਜਵਿੰਦਰ ਸਿੰਘ ਮੰਡੇਰ, ਬੂਟਾ ਸਿੰਘ ਭੰਦੋਹਲ, ਅਮਰੀਕ ਸਿੰਘ ਸਲਾਣਾ ਅਤੇ ਰਾਜਿੰਦਰ ਸਿੰਘ ਅਮਲੋਹ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਇੰਦਰੀਸ਼ ਫਾਊਂਡੇਸ਼ਨ ਵੱਲੋਂ ਸਿਹਤ ਜਾਂਚ ਕੈਂਪ
ਅੰਬਾਲਾ: ਇੰਡਿਅਨ ਰੋਲਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ,ਗੁਰਦੁਆਰਾ ਮੰਜੀ ਸਾਹਿਬ ਤੇ ਇੰਦਰੀਸ਼ ਫਾਊਂਡੇਸ਼ਨ ਵੱਲੋਂ ਅੰਬਾਲਾ ’ਚ ਮੁਫਤ ਮੈਡੀਕਲ ਤੇ ਸੇਵਾ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਪਰਵੀਨ ਕੁਮਾਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਦਰਸ਼ਨ ਸਿੰਘ ਸਹਿਗਲ ਨੇ ਕੀਤਾ। ਇਸ ਮੌਕੇ ’ਤੇ ਵਿਸ਼ੇਸ਼ ਮਹਿਮਾਨ ਵਜੋਂ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਟੀ.ਪੀ. ਸਿੰਘ ਅਤੇ ਡਾ. ਕੁਲਦੀਪ ਸਿੰਘ, ਡਾ. ਕੁਲਵਿੰਦਰ, ਡਾ. ਸਰੋਜ ਅਤੇ ਡਾ. ਮੋਹਨ ਸਮੇਤ ਕਈ ਸਮਾਜ ਸੇਵੀ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮਨਜੀਤ ਸਿੰਘ, ਭੁਪਿੰਦਰ ਸਿੰਘ, ਹਨੀ ਸਹਿਗਲ, ਮਨਪ੍ਰੀਤ ਸਿੰਘ, ਜਗਜੀਤ ਕੌਰ, ਸ਼ਹਾਨੀ ਕੌਰ, ਭਵਨੀਤ ਕੌਰ (ਰੋਟਰੈਕਟ ਕਲੱਬ ਐਸ ਡੀ ਕਾਲਜ) ਤੇ ਇਦ੍ਰੀਸ਼ ਫਾਊਂਡੇਸ਼ਨ ਦੀ ਸੰਸਥਾਪਕ ਨੇਹਾ ਪ੍ਰਵੀਨ ਸਣੇ ਪੂਰੀ ਟੀਮ ਨੇ ਯੋਗਦਾਨ ਪਾਇਆ। ਕੈਂਪ ’ਚ ਲਗਪਗ 200 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਦਵਾਈਆਂ ਦਿੱਤੀਆਂ ਗਈਆਂ। -ਪੱਤਰ ਪ੍ਰੇਰਕ
ਦੇਸ਼ ਭਗਤ ’ਵਰਸਿਟੀ ਤੇ ਐੱਚਐੱਨਈ ਹੈਲਥ ਕੇਅਰ ’ਚ ਸਮਝੌਤਾ
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਖੋਜ ਅਤੇ ਵਿਕਾਸ ਵਿੱਚ ਸਾਂਝੀਆਂ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਐਚਐਨਈ ਹੈਲਥ ਕੇਅਰ ਪ੍ਰਾਈਵੇਟ ਲਿਮਟਡ ਨਾਲ ਸਮਝੌਤਾ ਕੀਤਾ ਗਿਆ। ਇਸ ਸਮਝੌਤੇ ’ਤੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਅਤੇ ਐਚ.ਐਨ.ਈ. ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਨਰੇਸ਼ ਜੈਨ ਨੇ ਸ੍ਰੀ ਦੁਆ, ਡਾ. ਤੁਲਿਕਾ ਮਹਿਤਾ ਅਤੇ ਇੰਜ ਅਰੁਣ ਮਲਿਕ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ। ਡਾ. ਸੰਦੀਪ ਸਿੰਘ ਨੇ ਕਿਹਾ ਕਿ ਇਹ ਭਾਈਵਾਲੀ ਯੂਨੀਵਰਸਿਟੀ ਦੀ ਆਪਣੇ ਅਕਾਦਮਿਕ ਭਾਈਚਾਰੇ ਨੂੰ ਅਸਲ-ਸੰਸਾਰ ਦੇ ਸੰਪਰਕ ਨਾਲ ਮਜ਼ਬੂਤ ਬਣਾਉਣ ਅਤੇ ਪ੍ਰਮੁੱਖ ਉਦਯੋਗ ਖਿਡਾਰੀਆਂ ਦੇ ਸਹਿਯੋਗ ਨਾਲ ਸਿਹਤ ਸੰਭਾਲ ਖੋਜ ਦੀਆਂ ਸਰਹੱਦਾਂ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। -ਨਿੱਜੀ ਪੱਤਰ ਪ੍ਰੇਰਕ
ਕੈਂਪ ਵਿੱਚ 306 ਵਾਲੰਟੀਅਰਾਂ ਵੱਲੋਂ ਖੂਨਦਾਨ
ਜ਼ੀਰਕਪੁਰ: ਇਥੋਂ ਦੀ ਪੰਚਕੂਲਾ ਸੜਕ ਸਥਿਤ ਸ਼ਗੁਨ ਹੋਟਲ ਵਿੱਚ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਵਿੱਚ ਭਾਜਪਾ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਵਿਸ਼ੇਸ਼ ਤੌਰ ’ਤੇ ਸ਼ਿਕਰਤ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਦਾਨ ਹੈ, ਜੋ ਹਰ ਵਿਅਕਤੀ ਨੂੰ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਜ਼ਰੂਰ ਕਰਨਾ ਚਾਹੀਦਾ ਹੈ। ਸੈਣੀ ਨੇ ਖੂਨਦਾਨੀਆਂ ਦੀ ਹੌਸਲਾ-ਅਫ਼ਜਾਈ ਕੀਤੀ ਅਤੇ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ 306 ਵਾਲੰਟੀਅਰਾਂ ਨੇ ਖੂਨਦਾਨ ਕੀਤਾ। ਚੰਡੀਗੜ੍ਹ ਦੇ ਪੀਜੀਆਈ, ਜੀਐੱਮਸੀਐਚ-32 ਅਤੇ ਮੁੱਲਾਂਪੁਰ (ਨਿਊ ਚੰਡੀਗੜ੍ਹ) ਸਥਿਤ ਹੋਮੀ ਭਾਭਾ ਕੈਂਸਰ ਹਸਪਤਾਲ ਤੋਂ ਆਈ ਡਾਕਟਰਾਂ ਦੀ ਟੀਮ ਨੇ ਖੂਨ ਇਕੱਤਰ ਕੀਤਾ। -ਨਿੱਜੀ ਪੱਤਰ ਪ੍ਰੇਰਕ
ਰਾਮਗੜ੍ਹੀਆ ਸਭਾ ਨੇ ਰਾਹਤ ਸਮੱਗਰੀ ਭੇਜੀ
ਐੱਸਏਐੱਸ ਨਗਰ (ਮੁਹਾਲੀ): ਰਾਮਗੜ੍ਹੀਆ ਸਭਾ ਮੁਹਾਲੀ ਵੱਲੋਂ ਅੱਜ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਭੇਜੀ ਗਈ। ਜਨਰਲ ਸਕੱਤਰ ਬਿਕਰਮਜੀਤ ਸਿੰਘ ਹੂੰਝਣ ਨੇ ਦੱਸਿਆ ਕਿ ਇਸ ਰਾਹਤ ਸਮੱਗਰੀ ਵਿੱਚ ਰੋਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਜਿਵੇਂ ਸੁੱਕਾ ਰਾਸ਼ਨ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਦਵਾਈਆਂ, ਤਰਪਾਲਾਂ ਅਤੇ ਹੋਰ ਜ਼ਰੂਰੀ ਸਾਮਾਨ ਸ਼ਾਮਲ ਹੈ। ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸੂਰਤ ਸਿੰਘ ਕਲਸੀ ਨੇ ਕਿਹਾ ਕਿ ਇਸ ਮੁਸੀਬਤ ਦੇ ਸਮੇਂ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੀ ਸੇਵਾ ਕਰਨਾ ਸਾਡਾ ਧਾਰਮਿਕ ਤੇ ਸਮਾਜਿਕ ਫ਼ਰਜ਼ ਹੈ। ਇਸ ਮੌਕੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਮਾਨ, ਕਰਮ ਸਿੰਘ ਬਬਰਾ, ਗੁਰਚਰਨ ਸਿੰਘ ਨੰਨੜਾ, ਪ੍ਰਦੀਪ ਸਿੰਘ ਭਾਰਜ, ਮੋਹਨ ਸਿੰਘ ਸੱਭਰਵਾਲ, ਤਰਸੇਮ ਸਿੰਘ ਖੋਖਰ, ਸੁਰਿੰਦਰ ਸਿੰਘ ਜੰਡੂ, ਸੁਰਜੀਤ ਸਿੰਘ ਮਠਾੜੂ, ਮੋਹਿੰਦਰ ਸਿੰਘ, ਤਰਲੋਕ ਸਿੰਘ ਖੋਖਰ, ਰਵੇਲ ਸਿੰਘ ਛਾਬੜਾ, ਜਸਪਾਲ ਸਿੰਘ, ਗੁਰਸਰਨ ਸਿੰਘ, ਸਵਰਨ ਸਿੰਘ ਅਤੇ ਅਜੀਤ ਸਿੰਘ ਠੇਠੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
ਕਲਸ਼ ਯਾਤਰਾ ਕੱਢੀ
ਅੰਬਾਲਾ: ਸ੍ਰੀ ਸਨਾਤਨ ਧਰਮ ਸਭਾ (ਰਜਿ.) ਅੰਬਾਲਾ ਛਾਉਣੀ ਵੱਲੋਂ ਸ੍ਰੀ ਸਨਾਤਨ ਧਰਮ ਮੰਦਰ ਵਿੱਚ ਪਿਤਰ ਉਧਾਰ ਲਈ ਇੱਕ ਸੰਗੀਤਕ ਸ੍ਰੀਮਦ ਭਾਗਵਤ ਮਹਾ ਪੁਰਾਣ ਕਥਾ ਕਰਵਾਈ ਜਾ ਰਹੀ ਹੈ। ਇਸ ਅਧਿਆਤਮਿਕ ਸਮਾਗਮ ਵਿਚ ਸ੍ਰੀ ਰਾਮ ਮੁਦਗਲ ਸ਼ਾਸਤਰੀ ਜੀ 8 ਸਤੰਬਰ ਤੋਂ 14 ਸਤੰਬਰ ਤੱਕ ਸ਼ਾਮ 3:30 ਵਜੇ ਤੋਂ 6:30 ਵਜੇ ਤੱਕ ਸ਼੍ਰੀਮਦ ਭਾਗਵਤ ਕਥਾ ’ਤੇ ਭਾਸ਼ਣ ਦੇਣਗੇ। ਅੱਜ ਇਸ ਪਵਿੱਤਰ ਸਮਾਗਮ ਦਾ ਉਦਘਾਟਨ 108 ਕਲਸ਼ਾਂ ਨਾਲ ਕੀਤਾ ਗਿਆ। ਔਰਤਾਂ ਨੇ ਸ਼ਾਨਦਾਰ ਪਹਿਰਾਵੇ ਪਹਿਨ ਕੇ ਕਲਸ਼ ਯਾਤਰਾ ਵਿੱਚ ਹਿੱਸਾ ਲਿਆ। ਕਲਸ਼ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਸ ਮੰਦਰ ਪਹੁੰਚ ਕੇ ਸਮਾਪਤ ਹੋਈ। -ਨਿੱਜੀ ਪੱਤਰ ਪ੍ਰੇਰਕ
ਸਤਪਾਲ ਸ਼ਰਮਾ ਪੰਚਕੂਲਾ ਦੇ ਡੀਸੀ ਨਿਯੁਕਤ
ਪੰਚਕੂਲਾ: ਸਤਪਾਲ ਸ਼ਰਮਾ ਪੰਚਕੂਲਾ ਦੇ ਨਵੇਂ ਡਿਪਟੀ ਕਮਿਸ਼ਨਰ ਬਣੇ। ਸਤਪਾਲ ਸ਼ਰਮਾ ਪਹਿਲਾਂ ਕਈ ਅਹਿਮ ਵਿਭਾਗਾਂ ਵਿੱਚ ਸੇਵਾ ਨਿਭਾਅ ਚੁੱਕੇ ਹਨ। ਹਰਿਆਣਾ ਸਰਕਾਰ ਨੇ ਸਤਪਾਲ ਸ਼ਰਮਾ ਨੂੰ ਚੰਡੀਗੜ੍ਹ (ਆਈਏਐੱਸ, 2017 ਬੈਚ) ਨੂੰ ਪੰਚਕੂਲਾ ਦਾ ਡਿਪਟੀ ਕਮਿਸ਼ਨਰ ਅਤੇ ਸ੍ਰੀ ਮਾਤਾ ਮਨਸਾ ਦੇਵੀ ਤੀਰਥ ਬੋਰਡ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਉਹ ਐਚਐੱਸਵੀਪੀ ਪੰਚਕੂਲਾ, ਸਕੂਲ ਸਿੱਖਿਆ ਵਿਭਾਗ, ਸ਼ੀਤਲਾ ਦੇਵੀ ਤੀਰਥ ਬੋਰਡ ਗੁਰੂਗ੍ਰਾਮ ਵਿੱਚ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾ ਪੰਚਕੂਲਾ ਦੀ ਡਿਪਟੀ ਕਮਿਸ਼ਨ ਸ੍ਰੀਮਤੀ ਮੋਨਿਕਾ ਗੁਪਤਾ ਸਨ। -ਪੱਤਰ ਪ੍ਰੇਰਕ