ਪੰਜ ਤੱਤਾਂ ’ਚ ਵਿਲੀਨ ਹੋਏ ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ
ਜਸਵਿੰਦਰ ਭੱਲਾ ਦਾ ਬੀਤੇ ਦਿਨ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਅੱਜ ਕਈ ਨੇਤਾਵਾਂ ਸਣੇ ਵੱਡੀ ਗਿਣਤੀ ਕਲਾਕਾਰਾਂ ਨੇ ਹਾਜ਼ਰੀ ਭਰੀ। ਅਦਾਕਾਰ ਗਿੱਪੀ ਗਰੇਵਾਲ, ਜਿੰਮੀ ਸ਼ੇਰਗਿੱਲ ਅਤੇ ਜਸਵੀਰ ਜੱਸੀ ਸਣੇ ਵੱਡੀ ਗਿਣਤੀ ਕਲਾਕਾਰਾਂ ਨੇ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਦੇਹ ’ਤੇ ਫੁੱਲ-ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਬਿਹਤਰੀਨ ਇਨਸਾਨ ਅਤੇ ਪੰਜਾਬੀਆਂ ਦਾ ਮਾਣ ਸਨ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਵਿਧਾਇਕ ਕੁਲਵੰਤ ਸਿੰਘ, ਹੰਸ ਰਾਜ ਹੰਸ, ਮੁਹੰਮਦ ਸਦੀਕ, ਇੰਗਲੈਂਡ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਭਾਜਪਾ ਆਗੂ ਫ਼ਤਹਿਜੰਗ ਸਿੰਘ ਬਾਜਵਾ ਨੇ ਸ੍ਰੀ ਭੱਲਾ ਦੇ ਬੇਵਕਤੀ ਵਿਛੋੜੇ ਨੂੰ ਵੱਡਾ ਘਾਟਾ ਦੱਸਿਆ।
ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ ਜਸਬੀਰ ਜੱਸੀ ਨੇ ਕਿਹਾ, ‘‘ਇਹ ਪੰਜਾਬੀ ਸਿਨੈ ਜਗਤ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ।’’
ਗਾਇਕ ਮਨਕੀਰਤ ਔਲਖ ਨੇ ਕਿਹਾ, ‘‘ਇਸ ਮੁਸ਼ਕਲ ਘੜੀ ਵਿੱਚ ਹਰ ਕਿਸੇ ਨੂੰ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ। ਜਸਵਿੰਦਰ ਭੱਲਾ ਸਾਡੀ ਇੰਡਸਟਰੀ ਦਾ ਮਾਣ ਸੀ। ਉਨ੍ਹਾਂ ਦੀ ਮੌਜੂਦਗੀ ਹੀ ਫਿਲਮ ਨੂੰ ਸੁਪਰਹਿੱਟ ਬਣਾ ਦਿੰਦੀ ਸੀ।’’
ਇਸ ਤੋਂ ਪਹਿਲਾਂ ਅਦਾਕਾਰਾ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹੋਰ ਸਾਥੀ ਕਲਾਕਾਰਾਂ ਨੇ ਜਸਵਿੰਦਰ ਭੱਲਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।