ਜੈਸ਼-ਏ-ਮੁਹੰਮਦ ਦਾ ਕਾਰਕੁਨ ਦੋਸਾਥੀਆਂ ਸਣੇ ਗ੍ਰਿਫ਼ਤਾਰ
ਮੁਹਾਲ਼ੀ ਪੁਲੀਸ ਨੇ ਦਹਿਸ਼ਤੀ ਸੰਗਠਨ ਜੈਸ਼-ਏ-ਮੁਹੰਮਦ ਦੇ ਕਾਰਕੁਨ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਖਰੜ ਇਲਾਕੇ ’ਚ ਕੈਬ ਡਰਾਈਵਰ ਦੇ ਅਗਵਾ ਤੇ ਕਤਲ ਦਾ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਕੋਲੋਂ ਲੁੱਟ ਦੀ ਕਾਰ ਤੇ .32 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ।
ਹਰਚਰਨ ਸਿੰਘ ਭੁੱਲਰ ਆਈਪੀਐੱਸ ਡੀਆਈਜੀ ਰੋਪੜ ਰੇਂਜ ਅਤੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਕੈਬ ਡਰਾਈਵਰ ਨੂੰ ਅਗਵਾ ਕਰਨ ਮਗਰੋਂ ਕਤਲ ਕਰਕੇ ਲਾਸ਼ ਥਾਣਾ ਆਈਟੀ ਸਿਟੀ ਏਰੀਆ ਵਿੱਚ ਸੁੱਟ ਗਈ ਸੀ ਅਤੇ ਉਸ ਡਿਜ਼ਾਇਰ ਕਾਰ ਤੇ ਸਾਮਾਨ ਲੁੱਟ ਲਿਆ ਗਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਮੁਲਜ਼ਮਾਂ ’ਚ ਵਿੱਚ ਸਾਹਿਲ ਬਾਸ਼ੀਰ (19) ਵਾਸੀ ਪਿੰਡ ਹਦਵਾਰਾ ਲੰਗਾਤੇ ਜ਼ਿਲ੍ਹਾ ਕੁਪਵਾੜਾ, ਮੁਨੀਸ਼ ਸਿੰਘ ਉਰਫ ਅੰਸ਼ (22) ਵਾਸੀ ਪਿੰਡ ਕੋਟਲੀ ਜ਼ਿਲ੍ਹਾ ਡੋਡਾ ਅਤੇ ਐਜਾਜ ਅਹਿਮਦ ਖਾਨ (22) ਉਰਫ਼ ਵਸੀਮ ਵਾਸੀ ਪਿੰਡ ਮੰਜਪੁਰਾ ਜ਼ਿਲ੍ਹਾ ਕਲਾਮਾਬਾਦ (ਤਿੰਨੋਂ ਜੰਮੂ-ਕਸ਼ਮੀਰ) ਵਜੋਂ ਹੋਈ ਹੈ। ਐਜਾਜ ਅਹਿਮਦ ਖਾਨ ਲਗਪਗ ਅੱਠ ਸਾਲਾਂ ਤੋਂ ਬਟਾਲਾ ’ਚ ਰਹਿ ਰਿਹਾ ਸੀ ਅਤੇ ਅਣਵਿਆਹਿਆ ਹੈ। ਪੁਲੀਸ ਅਨੁਸਾਰ ਸਾਹਿਲ ਬਾਸ਼ੀਰ ਜੋ ਕਿ ਜੈਸ਼ ਏ ਮੁਹੰਮਦ ਅਤਵਾਦੀ ਸੰਗਠਨ ਦਾ ਮੈਂਬਰ ਹੈ, ਜੋ ਕਿ ਜੰਮੂ-ਕਸ਼ਮੀਰ ਦੇ ਥਾਣਾ ਕਲਾਮਾਬਾਦ ’ਚ ਵੀ ਲੋੜੀਂਦਾ ਹੈ ਤੇ ਜੋ ਹੁਣ ਤੱਕ ਫਰਾਰ ਸੀ।
ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ 31 ਅਗਸਤ ਨੂੰ ਸੁਧਾ ਦੇਵੀ ਪਤਨੀ ਅਨਿਲ ਕੁਮਾਰ ਵਾਸੀ ਕਮਾਊ ਕਲੋਨੀ, ਥਾਣਾ ਨਵਾਂ ਗਾਓ, ਜ਼ਿਲ੍ਹਾ ਐਸਏਐਸ ਨਗਰ ਦੇ ਬਿਆਨਾਂ ’ਤੇ ਥਾਣਾ ਨਵਾਂ ਗਾਓ ’ਚ ਕੇਸ ਦਰਜ ਕੀਤਾ ਗਿਆ ਸੀ। ਸੁਧਾ ਦੇਵੀ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਦੇ ਪਤੀ ਅਨਿਲ ਕੁਮਾਰ ਨੂੰ ਨਾਮਾਲੂਮ ਵਿਅਕਤੀਆਂ ਨੇ ਗੱਡੀ ਸਣੇ ਕਿਤੇ ਬੰਧਕ ਬਣਾ ਕੇ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਟੀਮਾਂ ਕਾਇਮ ਕੀਤੀਆਂ ਗਈਆਂ ਸਨ ਜਿਨ੍ਹਾਂ ਨੇ ਥਾਣਾ ਨਵਾਂ ਗਰਾਂਓ ਦੀ ਟੀਮ ਨਾਲ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਬੱਸ ਅੱਡਾ ਬਟਾਲਾ ਅਤੇ ਗੁਰਦਾਸਪੁਰ ਇਲਾਕੇ ’ਚੋਂ ਗ੍ਰਿਫ਼ਤਾਰ ਕਰ ਲਿਆ।