ਵਧੀਆ ਕਾਰਗੁਜ਼ਾਰੀ ਲਈ ਥਾਣਾ ਆਈਟੀ ਪਾਰਕ ਸਨਮਾਨਿਤ
ਚੰਡੀਗੜ੍ਹ ਪੁਲੀਸ ਵੱਲੋਂ ਸੈਕਟਰ-26 ਸਥਿਤ ਫੁਟਬਾਲ ਗਰਾਊਂਡ ਵਿੱਚ ‘ਵੱਡਾ ਖਾਣਾ’ ਸਮਾਗਮ ਉਲੀਕਿਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸ਼ਹਿਰ ਵਿੱਚ ਵਧੀਆ ਕਾਰਗੁਜ਼ਾਰੀ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਥਾਣਾ ਆਈਟੀ ਪਾਰਕ ਨੂੰ 50 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਦੂਜੇ ਸਥਾਨ ’ਤੇ ਥਾਣਾ ਸਾਰੰਗਪੁਰ ਅਤੇ ਤੀਜੇ ਸਥਾਨ ’ਤੇ ਥਾਣਾ ਇੰਡਸਟਰੀਅਲ ਏਰੀਆ ਰਿਹਾ। ਉਨ੍ਹਾਂ ਨੂੰ ਕ੍ਰਮਵਾਰ 30 ਤੇ 20 ਹਜ਼ਾਰ ਰੁਪਏ ਨਾਲ ਸਨਮਾਨਿਆ ਗਿਆ।
ਇਸ ਦੌਰਾਨ ਯੂਟੀ ਪ੍ਰਸ਼ਾਸਕ ਸ੍ਰੀ ਕਟਾਰੀਆ ਨੇ ਫੈਮਿਲੀ ਵੈੱਲਫੇਅਰ ਸੈਂਟਰ ਦਾ ਉਦਘਾਟਨ ਵੀ ਕੀਤਾ ਜਿੱਥੇ ਪੁਲੀਸ ਮੁਲਾਜ਼ਮਾਂ ਦੀਆਂ ਪਤਨੀਆਂ ਤੇ ਬੱਚਿਆ ਨੂੰ ਸਿਲਾਈ, ਪੇਂਟਿੰੰਗ ਅਤੇ ਬੈਂਕਿੰਗ ਵਰਗੀਆਂ ਕਲਾਸਾਂ ਲਗਾਈ ਜਾਣਗੀਆਂ। ਪ੍ਰਸ਼ਾਸਕ ਵੱਲੋਂ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ 402 ਬੱਚਿਆਂ ਨੂੰ 1.85 ਕਰੋੜ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਪੁਲੀਸ ਮੁਲਾਜ਼ਮਾਂ ਦੇ ਬੱਚਿਆਂ ਨੂੰ ਵੀ ਨਕਦ ਇਨਾਮ ਦਿੱਤੇ ਗਏ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੁਲੀਸ ਮੁਲਾਜ਼ਮਾਂ ਵੱਲੋਂ ਲੋਕ ਹਿੱਤ ਵਿੱਚ ਹਰ ਸਮੇਂ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਸੁਣ ਕੇ ਉਸ ਦਾ ਠੋਸ ਹੱਲ ਕੱਢਣ ਲਈ ਪ੍ਰੇਰਿਆ ਵੀ ਗਿਆ। ਇਸ ਦੇ ਨਾਲ ਹੀ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਨੇ ਪੁਲੀਸ ਅਧਿਕਾਰੀਆਂ ਦੇ ਬੱਚਿਆ ਨੂੰ ਵੀ ਪੜ੍ਹ ਲਿਖ ਕੇ ਵੱਡਾ ਅਫ਼ਸਰ ਬਣਨ ਲਈ ਪ੍ਰੇਰਿਤ ਕੀਤਾ।