ਇਸਕੌਨ ਵੱਲੋਂ ਜਨਮਾਸ਼ਟਮੀ ਮੌਕੇ ਬੱਚਿਆਂ ਦੇ ਫੈਂਸੀ ਡਰੈੱਸ ਮੁਕਾਬਲੇ
ਕੌਮਾਂਤਰੀ ਕ੍ਰਿਸ਼ਨ ਭਾਵਨਾਮ੍ਰਿਤ ਸੰਘ ਵੱਲੋਂ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਮੌਕੇ ਬੱਚਿਆਂ ਲਈ ਫੈਂਸੀ ਡਰੈਂਸ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਟਰਾਈਸਿਟੀ ਦ ਕਰੀਬ 40 ਵੱਖ ਵੱਖ ਸਕੂਲਾਂ ਦੇ 5 ਤੋਂ 10 ਸਾਲ ਉਮਰ ਵਰਗ ਦੇ ਕਰੀਬ 100 ਬੱਚਿਆਂ ਨੇ ਸਮਾਗਮ ਵਿਚ ਸ਼ਿਰਕਤ ਕੀਤੀ। ਰੰਗ ਬਰੰਗੀਆਂ ਪੁਸ਼ਾਕਾਂ ਵਿਚ ਸਜੇ ਬੱਚਿਆਂ ਨੇ ਧਾਰਮਿਕ ਗ੍ਰੰਥਾਂ-ਰਮਾਇਣ ਤੇ ਮਹਾਭਾਰਤ ’ਚੋਂ ਰਾਮ, ਨਰਸਿੰਘ, ਕੁੰਤੀ ਦੇਵੀ, ਅਰਜੁਨ ਆਦਿ ਜਿਹੇ ਵੱਖ ਵੱਖ ਕਿਰਦਾਰਾਂ ਨੂੰ ਪੇਸ਼ ਕੀਤਾ। ਇਸ ਫੈਂਸੀ ਡਰੈੱਸ ਪ੍ਰੋਗਰਾਮ ਦਾ ਇਕੋ ਇਕ ਮਕਸਦ ਬੱਚਿਆਂ ਦੀ ਵੈਦਿਕ ਧਰਮ ਗ੍ਰੰਥਾਂ ਪ੍ਰਤੀ ਦਿਲਚਸਪੀ \ਵਧਾਉਣਾ ਤੇ ਸਭਿਆਚਾਰਕ ਜੜ੍ਹਾਂ ਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨਾ ਸੀ।
5-7 ਸਾਲ ਉਮਰ ਵਰਗ ਵਿੱਚ, ਸੇਂਟ ਜੋਸਫ਼ ਸੀਨੀਅਰ ਸੈਕੰਡਰੀ ਸਕੂਲ ਦੇ ਨੈਮਿਸ਼ ਸੈਣੀ ਨੇ ਲਵ ਕੁਸ਼ ਦੀ ਭੂਮਿਕਾ ਨਿਭਾ ਕੇ ਪਹਿਲਾ ਇਨਾਮ ਜਿੱਤਿਆ। ਕੇਂਦਰੀ ਵਿਦਿਆਲਿਆ, ਸੈਕਟਰ 31, ਚੰਡੀਗੜ੍ਹ ਦੇ ਇੱਕ ਬੱਚੇ ਨੇ ਭਗਵਾਨ ਕ੍ਰਿਸ਼ਨ ਦੀ ਭੂਮਿਕਾ ਨਿਭਾ ਕੇ ਦੂਜਾ ਇਨਾਮ ਜਿੱਤਿਆ। ਤੀਜਾ ਇਨਾਮ ਹੋਲੀ ਵੰਡਰ ਸਮਾਰਟ ਸਕੂਲ ਦੀ ਕਿਸ਼ੋਰੀ ਨੇ ਜਿੱਤਿਆ, ਜਿਸ ਨੇ ਭਗਵਾਨ ਕ੍ਰਿਸ਼ਨ ਦੀ ਭੂਮਿਕਾ ਨਿਭਾਈ। ਹੌਸਲਾ ਅਫਜ਼ਾਈ ਇਨਾਮ ਸੇਂਟ ਜੋਸਫ਼ ਸੀਨੀਅਰ ਸੈਕੰਡਰੀ ਸਕੂਲ ਦੇ ਰਿਆਨ ਚੋਪੜਾ ਨੇ ਜਿੱਤਿਆ, ਜਿਸ ਨੇ ਸ਼ਕੁਨੀ ਦੀ ਭੂਮਿਕਾ ਨਿਭਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ।
8-10 ਸਾਲ ਉਮਰ ਵਰਗ ਵਿੱਚ ਸੇਂਟ ਜੋਸਫ਼ ਸੀਨੀਅਰ ਸੈਕੰਡਰੀ ਸਕੂਲ ਦੇ ਭੂਮੀਸ਼ ਮੌਦਗਿਲ ਨੇ ਗੋਪੀ ਦੀ ਭੂਮਿਕਾ ਨਿਭਾ ਕੇ ਅਤੇ ਏਅਰ ਫੋਰਸ ਸਕੂਲ ਦੀ ਸੰਪ੍ਰਿਤੀ ਪ੍ਰਾਮਾਨਿਕ ਨੇ ਅੰਗਦ ਦੀ ਭੂਮਿਕਾ ਨਿਭਾ ਕੇ ਪਹਿਲਾ ਇਨਾਮ ਸਾਂਝਾ ਕੀਤਾ। ਏਅਰ ਫੋਰਸ ਸਕੂਲ, ਚੰਡੀਗੜ੍ਹ ਦੀ ਵੰਸ਼ਿਕਾ ਨੇ ਦੁਰਗਾ ਦਾ ਕਿਰਦਾਰ ਨਿਭਾਉਣ ਲਈ ਦੂਜਾ ਇਨਾਮ ਜਿੱਤਿਆ ਅਤੇ ਏਅਰ ਫੋਰਸ ਸਕੂਲ 12 ਵਿੰਗ ਦੀ ਆਰਾਧਿਆ ਚੌਹਾਨ ਨੇ ਕੁੰਤੀ ਦੀ ਭੂਮਿਕਾ ਨਿਭਾ ਕੇ ਤੀਜਾ ਇਨਾਮ ਜਿੱਤਿਆ। ਹੌਸਲਾ ਵਧਾਊ ਇਨਾਮ ਏਅਰ ਫੋਰਸ ਸਕੂਲ 12 ਵਿੰਗ ਦੀ ਆਸਥਾ ਨੇ ਜਿੱਤਿਆ, ਜਿਸ ਨੇ ਗਣੇਸ਼ ਦੀ ਭੂਮਿਕਾ ਨਿਭਾਈ। ਦਿ ਟ੍ਰਿਬਿਊਨ ਸਕੂਲ, ਸੈਕਟਰ 29 ਚੰਡੀਗੜ੍ਹ ਦੀ ਕਾਵਿਆ ਨੇ ਜਗਨਨਾਥ ਜੀ ਦੀ ਭੂਮਿਕਾ ਨਿਭਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਇਸਕੌਨ ਮੰਦਰ ਵਿਚ ਮੌਜੂਦ ਸੈਂਕੜੇ ਭਗਤਾਂ ਨੇ ਜੈਕਾਰਿਆਂ ਤੇ ਤਾੜੀਆਂ ਨਾਲ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ।