ਆਈਪੀਐੱਲ: ਖਚਾਖਚ ਭਰਿਆ ਮੁੱਲਾਂਪੁਰ ਦਾ ਸਟੇਡੀਅਮ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 5 ਅਪਰੈਲ
ਮੁੱਲਾਂਪੁਰ ਦੇ ਮਹਾਰਾਜ ਯਾਦਵਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦੇ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰੌਇਲਜ਼ ਵਿਚਾਲੇ ਮੈਚ ਦੌਰਾਨ ਦਰਸ਼ਕਾਂ ਵਿਚ ਕਾਫ਼ੀ ਉਤਸ਼ਾਹ ਨਜ਼ਰ ਆਇਆ। ਸ਼ਾਮ 7.30 ਵਜੇ ਮੈਚ ਸ਼ੁਰੂ ਹੋਇਆ, ਜਦੋਂਕਿ ਇਸ ਤੋਂ ਪੰਜ ਘੰਟੇ ਪਹਿਲਾਂ ਹੀ ਦਰਸ਼ਕਾਂ ਗੇਟਾਂ ਅੱਗੇ ਪਹੁੰਚਣੇ ਸ਼ੁਰੂ ਹੋ ਗਏ ਸਨ। ਪੁਲੀਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਦਰਸ਼ਕਾਂ ਨੂੰ ਟਿਕਟ ਦੇਖਣ ਤੋਂ ਬਾਅਦ ਹੀ ਗੇਟਾਂ ਦੀਆਂ ਲਾਈਨਾਂ ਅੱਗੇ ਖੜ੍ਹਨ ਦਿੱਤਾ ਜਾ ਰਿਹਾ ਹੈ। 30 ਹਜ਼ਾਰ ਤੋਂ ਵੱਧ ਸੀਟਾਂ ਵਾਲਾ ਸਟੇਡੀਅਮ ਮੈਚ ਸ਼ੁਰੂ ਹੁੰਦਿਆਂ ਹੀ ਦਰਸ਼ਕਾਂ ਨਾਲ ਖਚਾਖਚ ਭਰ ਗਿਆ।
ਕ੍ਰਿਕਟ ਮੈਚ ਦੇਖਣ ਲਈ ਆਬੂਧਾਬੀ ਤੋਂ ਸ਼ੇਖ਼ ਸੁਲਤਾਨ ਬਿਨ ਅਹਿਮਦ ਬੀਤੀ ਸ਼ਾਮ ਹੀ ਮੁਹਾਲੀ ਪਹੁੰਚ ਗਏ ਸਨ। ਇਸੇ ਤਰ੍ਹਾਂ ਰਾਜਸਥਾਨ ਤੋਂ ਵੀ ਆਪਣੀ ਟੀਮ ਦੀ ਹਲਾਸ਼ੇਰੀ ਲਈ ਵੱਡੀ ਗਿਣਤੀ ਵਿਚ ਦਰਸ਼ਕ ਪਹੁੰਚੇ ਹੋਏ ਸਨ। ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੋਂ ਦਰਸ਼ਕਾਂ ਵਿਚ ਬਹੁ-ਗਿਣਤੀ ਨੌਜਵਾਨ ਸਨ। ਦਰਸ਼ਕਾਂ ਵਲੋਂ ਪੰਜਾਬ ਕਿੰਗਜ਼ ਦੇ ਖਿਡਾਰੀਆਂ ਦੇ ਨਾਵਾਂ ਤੇ ਰੰਗਾਂ ਵਾਲੀਆ ਟੀ-ਸ਼ਰਟਾਂ ਦੀ ਵੱਡੀ ਗਿਣਤੀ ਵਿਚ ਖ਼ਰੀਦ ਕੀਤੀ ਗਈ।
ਸਟੇਡੀਅਮ ਦੇ ਨੇੜਲੇ ਖੇਤਰਾਂ ਵਿਚ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਆਪਣੇ ਖੇਤਾਂ ਵਿਚ ਵਾਹਨਾਂ ਲਈ ਪੇਡ ਪਾਰਕਿੰਗ ਵੀ ਖੋਲ੍ਹੀ ਹੋਈ ਸੀ ਅਤੇ ਵੱਡੀ ਗਿਣਤੀ ਲੋਕਾਂ ਵਲੋਂ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ ਸਨ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਬੌਲੀਵੁੱਡ ਗਾਇਕਾ ਜੈਸਮੀਨ ਸੈਂਡਲ ਵਲੋਂ ਆਪਣੀ ਗੀਤਾ ਰਾਹੀ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸਟੇਡੀਅਮ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਬਿਨਾਂ ਟਿਕਟ ਤੋਂ ਦਰਸ਼ਕ ਵੀ ਅੰਦਰ ਜਾਣ ਦੀ ਤਾਕ ਵਿਚ ਘੁੰਮਦੇ ਰਹੇ ਪਰ ਸਖ਼ਤ ਸੁਰੱਖਿਆ ਪ੍ਰਬੰਧਕਾਂ ਕਾਰਨ ਉਨ੍ਹਾਂ ਦਾ ਅੰਦਰ ਜਾਣ ਦਾ ਦਾਅ ਨਹੀਂ ਲੱਗ ਸਕਿਆ। ਪ੍ਰਬੰਧਕਾਂ ਵਲੋਂ ਕਿਸਾਨ ਤੋਂ ਠੇਕੇ ਤੇ ਜ਼ਮੀਨ ਲੈ ਕੇ ਦਰਸ਼ਕਾਂ ਲਈ ਪੇਡ ਪਾਰਕਿੰਗ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਚੁਪਹੀਆ ਵਾਹਨਾਂ ਲਈ 200 ਰੁਪਏ ਤੇ ਦੁਪਹੀਆ ਵਾਹਨਾਂ ਲਈ 100 ਰੁਪਏ ਪਾਰਕਿੰਗ ਫ਼ੀਸ ਵਸੂਲੀ ਗਈ। ਇਸਦੇ ਬਾਵਜੂਦ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਸੜਕਾਂ ਦੇ ਆਲੇ-ਦੁਆਲੇ ਵਾਹਨ ਖੜੇ ਕੀਤੇ ਹੋਏ ਸਨ।
ਪਾਰਕਿੰਗਾਂ ਦੀ ਅਣਹੋਂਦ ਕਾਰਨ ਦਰਸ਼ਕ ਹੋਏ ਪ੍ਰੇਸ਼ਾਨ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਤੀੜਾ ਬਣੇ ਮਹਾਰਾਜਾ ਯਾਦਵਿੰਦਰਾ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਆਈਪੀਐੱਲ ਮੈਚ ਦੌਰਾਨ ਪਾਰਕਿੰਗਾਂ ਦਾ ਪ੍ਰਬੰਧ ਨਾ ਹੋਣ ਕਾਰਨ ਦਰਸ਼ਕਾਂ ਨੂੰ ਸਟੇਡੀਅਮ ਤੋਂ ਕਰੀਬ ਦੋ ਕਿਲੋਮੀਟਰ ਦੂਰ ਪਿੰਡ ਬਾਂਸੇਪੁਰ, ਤੋਗਾਂ ਦੇ ਟੀ-ਪੁਆਇੰਟਾਂ ਕੋਲ ਖੇਤਾਂ ਵਿੱਚ ਬਣਾਈਆਂ ਪਾਰਕਿੰਗਾਂ ਵਿੱਚ ਵਾਹਨ ਖੜ੍ਹੇ ਕਰਕੇ ਪੈਦਲ ਜਾਣਾ ਪਿਆ। ਇਹ ਪਾਰਕਿੰਗਾਂ ਪੂਰੀ ਤਰ੍ਹਾਂ ਭਰ ਜਾਣ ਕਾਰਨ ਲੋਕਾਂ ਨੇ ਸੜਕਾਂ ਕੰਢੇ ਅਤੇ ਸੜਕ ਵਿਚਕਾਰਲੀ ਗਰੀਨ ਪੱਟੀ ਉਤੇ ਵੀ ਵਾਹਨ ਪਾਰਕ ਕਰ ਦਿੱਤੇ। ਇਸ ਕਾਰਨ ਸੜਕ ਉਤੇ ਵਾਹਨਾਂ ਦਾ ਜਾਮ ਲੱਗਿਆ ਰਿਹਾ। ਮਾਜਰੀ, ਕੁਰਾਲੀ ਵਾਲੇ ਪਾਸੇ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਪਿੰਡ ਕੰਸਾਲਾ ਵਾਲੀ ਨਦੀ ਉਤੇ ਬਣ ਰਹੇ ਪੁਲ ਉਤੇ ਉਡਦੀ ਧੂੜ ਮਿੱਟੀ ਦਾ ਸਾਹਮਣਾ ਵੀ ਕਰਨਾ ਪਿਆ। ਪੁਲੀਸ ਨੇ ਦਰਸ਼ਕਾਂ ਵੱਲੋਂ ਲਿਆਂਦੀਆਂ ਪਾਣੀ ਦੀਆਂ ਬੋਤਲਾਂ, ਬੈਗ ਆਦਿ ਐਂਟਰੀ ਪੁਆਇੰਟਾਂ ਦੇ ਬਾਹਰ ਹੀ ਰਖਵਾ ਲਏ।