ਟੀ ਡੀ ਆਈ ਪ੍ਰਾਜੈਕਟ ਦੀ ਗੁੰਮ ਹੋਈ ਫਾਈਲ ਦੀ ਜਾਂਚ ਮੰਗੀ
ਟੀਡੀਆਈ ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦੇ ਆਗੂ ਰਾਜਵਿੰਦਰ ਸਿੰਘ ਸਰਾਓਂ, ਜਸਵੀਰ ਸਿੰਘ ਗੜਾਂਗ, ਐੱਮ ਐੱਲ ਸ਼ਰਮਾ, ਹਰਮਿੰਦਰ ਸਿੰਘ ਸੋਹੀ, ਮਾਸਟਰ ਗੁਰਮੁੱਖ ਸਿੰਘ, ਸੰਜੇਵੀਰ, ਮੋਹਿਤ ਮਦਾਨ, ਅਮਰਜੀਤ ਸਿੰਘ ਸੇਖੋਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਇੱਕ ਪੱਤਰ ਲਿਖ ਕੇ ਟੀ ਡੀ ਆਈ ਪ੍ਰਾਜੈਕਟ ਦੀ 2015 ਵਿਚ ਪਾਰਸ਼ੀਅਲ ਕੰਪਲੀਸ਼ਨ ਸਰਟੀਫ਼ਿਕੇਟ ਦੀ ਗਮਾਡਾ ਵਿਚ ਗੁੰਮ ਹੋਈ ਫਾਈਲ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ। ਉਨ੍ਹਾਂ ਲਿਖਿਆ ਕਿ ਫਾਈਲ ਦਾ ਗੁੰਮ ਹੋਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ ਅਤੇ ਸੁਸਾਇਟੀ ਨੂੰ ਖ਼ਦਸ਼ਾ ਹੈ ਕਿ ਅਜਿਹਾ ਸਾਰਾ ਕੁੱਝ ਜਾਅਲਸ਼ਾਜੀ ’ਤੇ ਪਰਦਾ ਪਾਉਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੈਜੀਡੈਂਸ ਵੈੱਲਫੇਅਰ ਸੁਸਾਇਟੀ ਨੇ ਸਾਲ 2022 ਵਿੱਚ ਗਮਾਡਾ ਅਤੇ ਪੁੱਡਾ ਦੇ ਉੱਚ ਅਧਿਕਾਰੀਆਂ ਦੇ ਲਿਖਤੀ ਤੌਰ ’ਤੇ ਧਿਆਨ ਵਿੱਚ ਲਿਆਂਦਾ ਸੀ ਕਿ ਟੀ ਡੀ ਆਈ ਬਿਲਡਰ ਨੂੰ 2015 ਵਿੱਚ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਵੇਲੇ ਸਬੰਧਿਤ ਨਕਸ਼ੇ ਵਿੱਚ ਕਾਫ਼ੀ ਖਾਮੀਆਂ ਹਨ ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਸਮੇਂ ਜ਼ਮੀਨੀ ਸਥਿਤੀ ਨੂੰ ਅੱਖੋਂ-ਪਰੋਖੇ ਕਰਕੇ ਬਹੁਤ ਸਾਰੇ ਗਲਤ ਤੱਥ ਪੇਸ਼ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਮੁਹਾਲੀ ਦੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਲਿਖ ਸਬੰਧਿਤ ਫਾਈਲ ਦੇ ਗੁੰਮ ਹੋਣ ਸਬੰਧੀ ਕਾਰਵਾਈ ਲਈ ਵੀ ਲਿਖਿਆ ਗਿਆ ਹੈ ਪਰ ਦੋ ਮਹੀਨੇ ਬੀਤਣ ਦੇ ਬਾਵਜੂਦ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।