ਸੇਵਾਮੁਕਤ ਜਨਰਲ ਨੂੰ ਟੱਕਰ ਮਾਰਨ ਦੇ ਮਾਮਲੇ ਦੀ ਜਾਂਚ ਸ਼ੁਰੂ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਲੰਘੇ ਦਿਨੀਂ ਇੱਕ ਵੀ ਆਈ ਪੀ ਕਾਫਲੇ ਨੂੰ ਐਸਕਾਰਟ ਕਰ ਰਹੀ ਗੱਡੀ ਦੇ ਡਰਾਈਵਰ ਵੱਲੋਂ ਸੇਵਾਮੁਕਤ ਲੈਫਨੀਨੈਂਟ ਜਨਰਲ ਡੀ ਐੱਸ ਹੁੱਡਾ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਡੀ ਜੀ ਪੀ ਦੇ ਹੁਕਮਾਂ ’ਤੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਡੀ ਐੱਸ ਹੁੱਡਾ ਵੱਲੋਂ ਆਪਣੇ ਐਕਸ ਪੋਸਟ ਵਿੱਚ ਪੁਲੀਸ ਦੇ ਵਿਵਹਾਰ ਤੋਂ ਦੁਖੀ ਹੋਣ ਦਾ ਦੋਸ਼ ਲਾਇਆ ਸੀ। ਇਸ ਮਾਮਲੇ ਦਾ ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਨੋਟਿਸ ਲੈਂਦਿਆਂ ਜਾਂਚ ਕਰ ਇਨਸਾਫ ਦੇਣ ਦਾ ਭਰੋਸਾ ਦਿੱਤਾ ਸੀ। ਏ ਡੀ ਜੀ ਪੀ (ਸੜਕ ਸੁਰੱਖਿਆ ਅਤੇ ਟਰੈਫਿਕ) ਏ ਐੱਸ ਰਾਏ ਨੇ ਅੱਜ ਐਕਸ ’ਤੇ ਪੋਸਟ ’ਚ ਕਿਹਾ ਕਿ ਮਾਮਲਾ ਧਿਆਨ ’ਚ ਆਉਣ ਮਗਰੋਂ ਐੱਸ ਪੀ ਜ਼ਿਲ੍ਹਾ ਮੁਹਾਲੀ ਟਰੈਫਿਕ ਅਤੇ ਏ ਐੱਸ ਪੀ ਜ਼ੀਰਕਪੁਰ ਗਜ਼ਲਪ੍ਰੀਤ ਕੌਰ ਨੇ ਸੇਵਾਮੁਕਤ ਲੈਫਨੀਨੈਂਟ ਜਨਰਲ ਨਾਲ ਮੁਲਾਕਾਤ ਕਰ ਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਵੀ ਆਈ ਪੀ ਕਾਫਲੇ ਨਾਲ ਚਲ ਰਹੀ ਐਸਕਾਰਟ ਦੇ ਡਰਾਈਵਰ ਦੀ ਪਛਾਣ ਕਰ ਲਈ ਗਈ ਹੈ ਜਿਸ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਦਸੇ ਦੀ ਸੀਸੀਟੀਵੀ ਅਤੇ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਜ਼ਿਆਦਾ ਆਵਾਜਾਈ ਹੋਣ ਕਾਰਨ ਐਸਕਾਰਟ ਵਾਹਨ ਦੀ ਵੀ ਆਈ ਪੀ ਨਾਲ ਦੂਰੀ ਵਧ ਗਈ ਸੀ ਜਿਸ ਦੇ ਨੇੜੇ ਜਾਣ ਦੀ ਕੋਸ਼ਿਸ਼ ਦੌਰਾਨ ਓਵਰਟੇਕ ਕਰਦਿਆਂ ਉਸ ਦੀ ਸੇਵਾਮੁਕਤ ਲੈਫਟੀਨੈਂਟ ਜਨਰਲ ਦੀ ਗੱਡੀ ਨਾਲ ਟੱਕਰ ਹੋ ਗਈ।
