ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੌਮਾਂਤਰੀ ਮਹਿਲਾ ਦਿਵਸ: ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੀਆਂ ਮਹਿਲਾਵਾਂ ਦਾ ਸਨਮਾਨ

ਰਾਜਪਾਲ ਨੇ ਰਾਸ਼ਟਰ ਨਿਰਮਾਣ ਵਿੱਚ ਔਰਤਾਂ ਦੀ ਭੂਮਿਕਾ ’ਤੇ ਚਾਨਣਾ ਪਾਇਆ
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮਹਿਲਾਵਾਂ ਦਾ ਸਨਮਾਨ ਕਰਦੇ ਹੋਏ।
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 8 ਮਾਰਚ

Advertisement

ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ ਵਿਭਾਗ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਮਾਗਮ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਕਟਾਰੀਆਂ ਨੇ ਸੰਬੋਧਨ ਕਰਦਿਆਂ ਦੇਸ਼ ਦੇ ਨਿਰਮਾਣ ਵਿੱਚ ਔਰਤਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਤੇ ਉੱਨਤੀ ਔਰਤਾਂ ਦੀ ਬਰਾਬਰ ਹਿੱਸੇਦਾਰੀ ਨਾਲ ਹੀ ਸੰਭਵ ਹੈ। ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਨੇ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਲਈ ਸ਼ੁਰੂ ਕੀਤੀ ਵੱਖ-ਵੱਖ ਸਕੀਮਾਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਨੂੰ ਆਤਮ ਨਿਰਭਰ ਬਨਾਉਣ ਲਈ 10 ਕਰੋੜ ਤੋਂ ਵੱਧ ਔਰਤਾਂ ਦੇ ਸਮੂਹਾਂ ਦਾ ਵਿਸਤਾਰ ਕੀਤਾ ਹੈ। ਇਸ ਤੋਂ ਇਲਾਵਾ ‘ਲਖਪਤੀ ਦੀਦੀ’ ਸਕੀਮ ਰਾਹੀਂ ਔਰਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਸ੍ਰੀ ਕਟਾਰੀਆ ਨੇ ਕਿਹਾ ਕਿ ਅੱਜ ਔਰਤਾਂ ਖੇਤੀਬਾੜੀ ਤੋਂ ਲੈ ਕੇ ਤਕਨੀਕੀ ਖੇਤਰ ਵਿੱਚ ਉੱਚਾਈ ਹਾਸਲ ਕਰ ਰਹੀਆਂ ਹਨ। ਇਸੇ ਲਈ ਕੇਂਦਰ ਸਰਕਾਰ ਨੇ 500 ਤੋਂ ਵੱਧ ਔਰਤਾਂ ਨੂੰ ਡਰੋਨ ਮੁਹੱਈਆ ਕਰਵਾਏ ਹਨ, ਜਿਸ ਨਾਲ ਔਰਤਾਂ ਤਕਨੀਕੀ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ। ਉਨ੍ਹਾਂ ਨੇ ਮਹਿਲਾਵਾਂ ਨੂੰ ਹਰ ਖੇਤਰ ਵਿੱਚ ਜ਼ੋਰ-ਸ਼ੋਰ ਨਾਲ ਅੱਗੇ ਵੱਧ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਮੌਜੂਦ ਰਹੇ। ਜਿਨ੍ਹਾਂ ਨੇ ਔਰਤਾਂ ਦੇ ਜੋਸ਼ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਸਮਾਜ ਵਿੱਚ ਮਹਿਲਾਵਾਂ ਦੇ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ।

ਸ੍ਰੀ ਤਿਵਾੜੀ ਨੇ ਕਿਹਾ ਕਿ ਅੱਜ ਔਰਤਾਂ ਹਰ ਖੇਤਰ ਵਿੱਚ ਅੱਗੇ ਵੱਧ ਕੇ ਕੰਮ ਕਰ ਰਹੀਆਂ ਹਨ। ਔਰਤਾਂ ਘਰ ਚਲਾਉਣ ਦੇ ਨਾਲ-ਨਾਲ ਦੇਸ਼ ਚਲਾਉਣ ਵਾਲੇ ਪਾਸੇ ਵੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ, ਜੋ ਕਿ ਸਾਡੇ ਸਾਰਿਆਂ ਲਈ ਗਰਵ ਦੀ ਗੱਲ ਹੈ। ਸਮਾਗਮ ਵਿੱਚ ਯੂਟੀ ਪ੍ਰਸ਼ਾਸਨ ਦੇ ਵੱਡੀ ਗਿਣਤੀ ਵਿੱਚ ਮਹਿਲਾ ਅਧਿਕਾਰੀ ਵੀ ਮੌਜੂਦ ਰਹੇ।

ਦੇਸ਼ ਭਗਤ ਰੇਡੀਓ ਅਤੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਵਾਕਾਥੌਨ

ਚੰਡੀਗੜ੍ਹ: ਕੌਮਾਂਤਰੀ ਮਹਿਲਾ ਦਿਵਸ ਮੌਕੇ ਦੇਸ਼ ਭਗਤ ਰੇਡੀਓ ਨੇ ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਵਾਕਾਥੌਨ ਕਰਵਾਈ। ਇਸ ਸਮਾਗਮ ਨੇ ਔਰਤਾਂ ਦੇ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਲਈ ਜਾਗਰੂਕਤਾ ਪੈਦਾ ਵਾਸਤੇ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਇਕੱਠਾ ਕੀਤਾ। ਐਸਬੀਆਈ ਦੇ ਡੀਜੀਐਮ ਕਾਜਲ ਕੁਮਾਰ ਅਤੇ ਡਾਇਰੈਕਟਰ ਮੀਡੀਆ ਤੇ ਪਰਫਾਰਮਿੰਗ ਆਰਟਸ ਡੀਬੀਯੂ ਡਾ. ਸੁਰਜੀਤ ਕੌਰ ਪਥੇਜਾ ਨੇ ਵਾਕਾਥੌਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵਾਕਾਥੌਨ ਸੈਕਟਰ 17 ਤੋਂ ਸ਼ੁਰੂ ਹੋ ਕੇ ਮਟਕਾ ਚੌਕ, ਹੋਟਲ ਤਾਜ, ਪੁਲੀਸ ਸਟੇਸ਼ਨ ਸੈਕਟਰ-17, ਸਾਹਿਬ ਸਿੰਘ ਲਾਈਟ ਪੁਆਇੰਟ ਤੋਂ ਹੁੰਦੇ ਹੋਏ ਬੈਂਕ ਵਿੱਚ ਸਮਾਪਤ ਕੀਤੀ ਗਈ ਹੈ। ਇਸ ਵਿੱਚ ਸੈਂਕੜੇ ਉਤਸ਼ਾਹੀ ਵਾਕਰਾਂ ਦੀ ਭਾਗੀਦਾਰੀ ਦੇਖੀ ਗਈ, ਜਿਸ ਵਿੱਚ ਐਸਬੀਆਈ ਦੇ ਕਰਮਚਾਰੀ, ਕਮਿਊਨਿਟੀ ਮੈਂਬਰ ਅਤੇ ਇਸ ਉਦੇਸ਼ ਦੇ ਸਮਰਥਕ ਸ਼ਾਮਲ ਸਨ। ਭਾਗੀਦਾਰਾਂ ਨੇ ਇੱਕ ਨਿਰਧਾਰਤ ਰਸਤੇ ’ਤੇ ਤੁਰ ਕੇ, ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੇ ਹੋਏ, ਸਮਾਜ ਨੂੰ ਵੱਡੇ ਪੱਧਰ ’ਤੇ ਆਕਾਰ ਦੇਣ ਵਿੱਚ ਔਰਤਾਂ ਦੀ ਭੂਮਿਕਾ ਦਾ ਜਸ਼ਨ ਮਨਾਇਆ।

ਖਰੜ (ਸ਼ਸ਼ੀ ਪਾਲ ਜੈਨ): ਕੌਮਾਂਤਰੀ ਮਹਿਲਾ ਦਿਵਸ ਭਾਜਪਾ ਮਹਿਲਾ ਮੋਰਚਾ ਪ੍ਰਦੇਸ਼ ਪ੍ਰਧਾਨ ਜੈਇੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਮਿਲੀ ਗਰਗ ਦੇ ਦਿਸ਼ਾ ਨਿਰਦੇਸ਼ ਹੇਠ ਖਰੜ ਦੇ ਮਹਿਲਾ ਮੋਰਚਾ ਪ੍ਰਧਾਨ ਸੰਤੋਸ਼ ਬਾਂਸਲ ਦੀ ਅਗਵਾਈ ਵਿਚ ਜੇਟੀਪੀਐੱਲ ਵਿੱਚ ਮਨਾਇਆ ਗਿਆ। ਇਸ ਮੌਕੇ ਸ਼੍ਰੀਮਤੀ ਰਸ਼ਮੀ ਦੇਵੀ ਦੇ ਘਰ ਸੁੰਦਰਕਾਂਡ ਦੇ ਪਾਠ ਕਰਵਾਏ ਗਏ। ਇਸ ਮੌਕੇ ਸੁਸ਼ਮਾ ਸ਼ਰਮਾ, ਸਵਿਤਾ ਦੇਵੀ, ਸੰਤੋਸ਼ ਗਰਗ, ਸੁਨੀਤਾ ਰਾਣੀ ਸਕੱਤਰ, ਰਤਨ ਰਾਣੀ, ਪੂਨਮ ਰਾਣਾ, ਨਰੇਸ਼ ਰਾਣੀ, ਸਤਿਆ ਦੇਵੀ, ਰੇਣੁ ਬਾਲਾ, ਕੌਲ ਆਗੂ, ਸੁਸ਼ਮਾ ਮੋਹਨ ਤੇ ਹੋਰ ਆਗੂ ਹਾਜ਼ਰ ਹੋਏ।

ਮੁਹਾਲੀ ਵਿੱਚ 750 ਕੰਮਕਾਜੀ ਤੇ ਘਰੇਲੂ ਔਰਤਾਂ ਦਾ ਸਨਮਾਨ

ਔਰਤਾਂ ਨੂੰ ਸਨਮਾਨਿਤ ਕਰਦੇ ਹੋਏ ਫਾਉਂਡੇਸ਼ਨ ਦੀ ਚੇਅਰਪਰਸਨ ਸ੍ਰੀਮਤੀ ਆਭਾ ਬੰਸਲ। -ਫੋਟੋ: ਸੋਢੀ

ਐੱਸਏਐੱਸ ਨਗਰ (ਦਰਸ਼ਨ ਸਿੰਘ ਸੋਢੀ): ਅਮੈਯ ਲਕਸ਼ਮੀ ਫਾਊਂਡੇਸ਼ਨ ਵੱਲੋਂ ਚੇਅਰਪਰਸਨ ਆਭਾ ਬਾਂਸਲ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼-4 ਸਥਿਤ ਸ੍ਰੀ ਸਨਾਤਨ ਧਰਮ ਮੰਦਰ ਧਰਮਸ਼ਾਲਾ ਵਿੱਚ ਮਹਿਲਾ ਦਿਵਸ ਮੌਕੇ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਐੱਸਪੀ ਰਾਜਪਾਲ ਹੁੰਦਲ ਦੀ ਮਾਤਾ ਪ੍ਰਕਾਸ਼ ਕੌਰ ਸਮੇਤ 750 ਕੰਮਕਾਜੀ ਅਤੇ ਘਰੇਲੂ ਔਰਤਾਂ ਨੂੰ ਸਨਮਾਨਿਆ। ਆਭਾ ਬਾਂਸਲ ਨੇ ਪ੍ਰਕਾਸ਼ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਅਤੇ ਸਮਾਜ ਸੇਵਾ ਨੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਵਿਧਵਾ ਹੋਣ ਦੇ ਬਾਵਜੂਦ ਆਪਣੀ ਬੇਟੀ ਨੂੰ ਜੱਜ ਬਣਾਉਣ ਵਿੱਚ ਸਫਲਤਾ ਪ੍ਰਾਪਤ ਕਰਨ ਵਾਲੀ ਅਨੁਪਮਾ ਸ਼ਰਮਾ ਦੀ ਪ੍ਰੇਰਣਾਦਾਇਕ ਕਹਾਣੀ ਵੀ ਸਾਂਝੀ ਕੀਤੀ।

ਇਸ ਮੌਕੇ ਪ੍ਰਾਚੀਨ ਕਲਾ ਕੇਂਦਰ ਤੋਂ ਆਈ ਟੀਮ ਨੇ ਕੱਥਕ ਨਾਚ ਪੇਸ਼ ਕੀਤਾ। ਪੰਜਾਬੀ ਲੋਕ ਨਾਚ ‘ਗਿੱਧਾ’ ਦੀ ਪੇਸ਼ਕਾਰੀ ਨੇ ਸਮਾਰੋਹ ਨੂੰ ਚਾਰ ਚੰਨ ਲਗਾ ਦਿੱਤੇ। ਛੋਟੀਆਂ ਬੱਚੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ। ਅਖੀਰ ਵਿੱਚ ਆਭਾ ਬੰਸਲ ਨੇ ਸਮਾਗਮ ਵਿੱਚ ਪੁੱਜੀਆਂ ਸਾਰੀਆਂ ਔਰਤਾਂ ਅਤੇ ਮੰਦਰ ਕਮੇਟੀ ਦਾ ਧੰਨਵਾਦ ਕੀਤਾ।

ਸੈਣੀ ਵੱਲੋਂ ਨਾਰੀ ਸ਼ਕਤੀ ਖੂਨਦਾਨ ਕੈਂਪ ਦਾ ਉਦਘਾਟਨ

ਪੰਚਕੂਲਾ ਵਿੱਚ ਖੂਨਦਾਨੀ ਮਹਿਲਾਵਾਂ ਨੂੰ ਸਰਟੀਫਿਕੇਟ ਸੌਂਪਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ। -ਫੋਟੋ: ਰਵੀ ਕੁਮਾਰ

ਪੰਚਕੂਲਾ (ਪੀਪੀ ਵਰਮਾ): ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਨਾਰੀ ਸ਼ਕਤੀ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ 180 ਮਹਿਲਾਵਾਂ ਨੇ ਖੂਨ ਦਿੱਤਾ। ਇਹ ਖੂਨਦਾਨ ਕੈਂਪ ਅਖਲ ਭਾਰਤੀ ਅਗਵਾਲ ਸਮੇਲਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਵੀ ਸ਼ਾਮਲ ਹੋਏ। ਖੂਨਦਾਨ ਕਰਨ ਵਾਲੀਆਂ ਮਹਿਲਾਵਾਂ ਨੂੰ ਮੁੱਖ ਮੰਤਰੀ ਸੈਣੀ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਕਾਲਕਾ ਦੀ ਵਿਧਾਇਕ ਸ਼ਕਤੀ ਰਾਣੀ ਸ਼ਰਮਾ ਵੀ ਹਾਜ਼ਰ ਸੀ।

ਕੋਰਡੀਆ ਸੰਸਥਾ ਸੰਘੋਲ ’ਚ ਸਮਾਗਮ

ਕੋਰਡੀਆ ਗਰੁੱਪ ਆਫ ਇੰਸਟੀਚਿਊਟਸ ਵਿਖੇ ਅੰਤਰਾਸ਼ਟਰੀ ਸੰਸਥਾ ਜੀਓ ਐਜ਼ੂਕੇਸ਼ਨਲ ਕਾਊਂਸਿਲ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।

ਖਮਾਣੋਂ (ਜਗਜੀਤ ਕੁਮਾਰ): ਕੋਰਡੀਆ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਅੰਤਰਾਸ਼ਟਰੀ ਸੰਸਥਾ ਜੀਓ ਐਜ਼ੂਕੇਸ਼ਨਲ ਕਾਊਂਸਿਲ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਖਮਾਣੋਂ ਦੇ ਉਪ ਮੰਡਲ ਮੈਜਿਸਟਰੇਟ ਮਨਰੀਤ ਰਾਣਾ ਮੁੱਖ ਮਹਿਮਾਨ ਵਜੋਂ ਪੁੱਜੇ। ਕੋਰਡੀਆ ਗਰੁੱਪ ਆਫ ਇੰਸਟੀਚਿਊਸ਼ਨਜ਼ ਅਤੇ ਗਲੋਬਲ ਇੰਡੀਅਨ ਆਰਗਨਾਈਜੇਸ਼ਨ ਦੇ ਚੇਅਰਮੈਨ ਲਾਰਡ ਦਿਲਜੀਤ ਰਾਣਾ ਨੇ ਕਿਹਾ ਕਿ ਮਹਿਲਾਵਾਂ ਦੇ ਸਮਾਜ ਲਈ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਕੋਰਡੀਆ ਸੰਸਥਾਨ ਦੇ ਕਾਰਜਕਾਰੀ ਟਰੱਸਟੀ ਅਤੇ ਜੀਓ ਐਜ਼ੂਕੇਸ਼ਨਲ ਕਾਊਂਸਿਲ ਦੇ ਚੇਅਰਮੈਨ ਡਾ. ਉਰਮਿਲ ਵਰਮਾ ਨੇ ਮਹਿਲਾਵਾਂ ਨੂੰ ਸਮਾਜ ਵਿੱਚ ਬਣਦਾ ਸਥਾਨ ਦੇਣ ’ਤੇ ਜ਼ੋਰ ਦਿੱਤਾ। ਜੀਓ ਅਤੇ ਕੋਰਡੀਆ ਸੰਸਥਾਨ ਦੇ ਚੇਅਰਮੈਨ ਲਾਰਡ ਦਿਲਜੀਤ ਰਾਣਾ ਨੇ ਇਲਾਕੇ ਦੀਆਂ ਸਮਾਜ ਸੇਵਾ ਨਾਲ ਜੁੜੀਆਂ ਮੁੱਖ ਮਹਿਲਾਵਾਂ ਦਾ ਸਨਮਾਨ ਵੀ ਕੀਤਾ ਗਿਆ । ਪ੍ਰਿੰਸੀਪਲ ਡਾ. ਰਜਨੀ ਗੌਰ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਸੰਸਥਾ ਦੇ ਅਕਾਦਮਿਕ ਹੈਡ ਡਾ. ਰਵੀ ਪ੍ਰਕਾਸ਼ ਮਿਸ਼ਰਾ ਨੇ ਸਭ ਦਾ ਧੰਨਵਾਦ ਕੀਤਾ।

Advertisement