ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੌਮਾਂਤਰੀ ਸੈਮੀਨਾਰ
ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ, ਬਾਣੀ ਤੇ ਸ਼ਹਾਦਤ ਅਜੋਕੇ ਸੰਦਰਭ ਵਿੱਚ’ ਵਿਸ਼ੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਇਕ ਰੋਜ਼ਾ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਤਿਹਾਸ ਵਿਚ ਅਨੇਕਾਂ ਮਹਾਨ ਵਿਅਕਤੀਆਂ ਨੇ ਆਪਣੇ ਅਕੀਦੇ ਲਈ ਕੁਰਬਾਨੀਆਂ ਦਿੱਤੀਆਂ ਹਨ, ਪਰ ਦੂਜੇ ਧਰਮ ਦੀ ਰਾਖੀ ਲਈ ਸ਼ਹਾਦਤ ਦੇਣ ਵਾਲੀ ਮਿਸਾਲ ਸਿਰਫ ਗੁਰੂ ਤੇਗ ਬਹਾਦਰ ਨੇ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਅਤੇ ਜੀਵਨ ਸਾਨੂੰ ਸੰਸਾਰੀ ਅਤੇ ਰੂਹਾਨੀ ਤਾਕਤ ਦੇ ਸੁਮੇਲ ਦੀ ਰਾਹੀ ਮਨੁੱਖਤਾ ਲਈ ਜੀਣ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਮੌਜੂਦਾ ਸਰਕਾਰਾਂ ’ਤੇ ਸਿੱਖਾਂ ਦੇ ਧਾਰਮਿਕ ਕਕਾਰ ਅਤੇ ਜ਼ਮੀਰ ਦੀ ਆਜ਼ਾਦੀ ਖੋਹਣ ਦੇ ਦੋਸ਼ ਵੀ ਲਗਾਏ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੇ ਅਸਲ ਰਹਿਬਰ ਸਨ। ਉਨ੍ਹਾਂ ਕਮੇਟੀ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੀ ਸ਼ਤਾਬਦੀ ਸਮਾਗਮਾਂ ਉਪਰੰਤ ਵੀ ਗੁਰੂ ਸਾਹਿਬ ਦੇ ਫਲਸਫੇ ਨੂੰ ਦੁਨੀਆਂ ਭਰ ਵਿੱਚ ਸਿੱਖ ਚਿੰਤਕਾਂ ਤੇ ਵਿਚਾਰਾਂ ਵੱਲੋਂ ਪ੍ਰਚਾਰਨ ਲਈ ਸ਼੍ਰੋਮਣੀ ਕਮੇਟੀ ਨੂੰ ਹੋਰ ਯਤਨ ਕਰਨੇ ਚਾਹੀਦੇ ਹਨ।
ਡਾ. ਬਲਕਾਰ ਸਿੰਘ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਨੂੰ ‘ਹਿੰਦ ਦੀ ਚਾਦਰ’ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਕੇਵਲ ਧਰਮ ਹੀ ਨਹੀਂ ਸਗੋਂ ਪੂਰੇ ਉਪ-ਮਹਾਂਦੀਪ ਦੀ ਅਸਲੀ ਸਾਂਝੀ ਹੋਂਦ ਬਚਾਈ। ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦਾ ਸੀਸ ਸਿਰਫ ਇਕ ਬਲੀਦਾਨ ਨਹੀਂ ਸੀ, ਸਗੋਂ ਮਾਨਵਤਾ ਵਿੱਚ ਸਵੈ-ਸਨਮਾਨ ਜਗਾਉਣ ਦਾ ਪ੍ਰਤੀਕ ਸੀ। ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਦਮਿਕ ਵਿਸ਼ਵ ਵਿੱਚ ਧਰਮ ਦੀ ਵਿਆਖਿਆ ਸਮਰਪਣ ਅਤੇ ਦ੍ਰਿੜ੍ਹਤਾ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਇਸ ਦੀ ਵਿਲੱਖਣ ਮਿਸਾਲ ਹੈ। ਇਸ ਮੌਕੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਾ ਰਸਾਲਾ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਰਿਲੀਜ਼ ਕੀਤਾ।
ਸੈਮੀਨਾਰ ਵਿੱਚ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਐਡਵੋਕੇਟ ਹਰਦੇਵ ਸਿੰਘ ਹਾਜ਼ਰ ਸਨ।
