ਸਾਰਾ ਦਿਨ ਰੁਕ-ਰੁਕ ਪਏ ਮੀਂਹ ਕਾਰਨ ਪੰਚਕੂਲਾ ’ਚ ਜਨ-ਜੀਵਨ ’ਤੇ ਅਸਰ
ਪੰਚਕੂਲਾ ਵਿੱਚ ਅੱਜ ਸ਼ਨਿਚਰਵਾਰ ਪਈ ਬਰਸਾਤ ਨੇ ਪੰਚਕੂਲਾ ਦਾ ਜਨ-ਜੀਵਨ ਠੱਪ ਕਰ ਦਿੱਤਾ। ਭਾਰੀ ਮੀਂਹ ਕਾਰਨ ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਘੱਗਰ ਦਰਿਆ ਦੇ ਆਸਪਾਸ ਦੀਆਂ ਕਲੋਨੀਆਂ ਦੇ ਲੋਕ ਸਹਿਮ ਵਿੱਚ ਹਨ। ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ਦੇ ਬਾਹਰ ਵੀ ਪਾਣੀ ਨਹਿਰਾਂ ਵਾਂਗ ਚੱਲ੍ਹਿਆ। ਮਣੀ ਮਾਜਰਾ ਵੱਲੋਂ ਆਉਂਦਾ ਆਉਂਦਾ ਪਾਣੀ ਦਾ ਨਾਲਾ ਵੀ ਪੂਰੀ ਤਰ੍ਹਾਂ ਭਰਿਆ ਰਿਹਾ। ਡੀਸੀ ਮੋਨਿਕਾ ਗੁਪਤਾ ਨੇ ਨਦੀਆਂ ਨਾਲਿਆਂ ਵਿੱਚ ਲੋਕਾਂ ਨੂੰ ਜਾਣ ਤੋਂ ਰੋਕ ਲਗਾਈ ਹੋਈ ਹੈ ਅਤੇ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਮੋਰਨੀ ਤੋਂ ਟਿੱਕਰ ਤਾਲ ਸੜਕ ’ਤੇ ਰਾਸੂਲ ਪਿੰਡ ਦੇ ਨੇੜੇ ਸੜਕ ਲਗਾਤਾਰ ਟੁੱਟ ਰਹੀ ਹੈ। ਇਸ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਪਈ ਹੈ। ਸੜਕ ਟੁੱਟਣ ਕਾਰਨ ਕੁਝ ਗੈਸਟ ਹਾਊਸ ਵੀ ਨੁਕਸਾਨੇ ਗਏ ਹਨ। ਰਾਸੂਲ ਪਿੰਡ ਨੂੰ ਜਾਣ ਵਾਲੀ ਮੁੱਖ ਸੜਕ ਵੀ ਹੁਣ ਪੂਰੀ ਤਰ੍ਹਾਂ ਅਸੁਰੱਖਿਅਤ ਹੋ ਗਈ ਹੈ। ਸਥਾਨਕ ਲੋਕਾਂ ਅਨੁਸਾਰ, ਪਿਛਲੇ ਕੁਝ ਦਿਨਾਂ ਤੋਂ ਸੜਕ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ। ਪਿੰਡ ਦੇ ਨੇੜੇ ਸੜਕ ਪੂਰੀ ਤਰ੍ਹਾਂ ਬੰਦ ਹੈ। ਇਸ ਸੜਕ ਨੂੰ ਦੁਬਾਰਾ ਖੋਲ੍ਹਣ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਜਲਦੀ ਹੱਲ ਦੀ ਮੰਗ ਕੀਤੀ ਹੈ।
ਨਾਇਬ ਤਹਿਸੀਲਦਾਰ ਪ੍ਰਦੁਮਨ ਕੁਮਾਰ ਅਤੇ ਪਟਵਾਰੀ ਨੇ ਪਿੰਡ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕੀਤਾ। ਪਿੰਡ ਵਾਸੀਆਂ ਦੀ ਸਥਿਤੀ ਨੂੰ ਸਮਝਦੇ ਹੋਏ, ਅਧਿਕਾਰੀਆਂ ਨੇ ਮੁਆਵਜ਼ਾ ਰਿਪੋਰਟ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਹੀ ਰਾਹਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਪਿੰਡ ਕੁਦਾਨਾ ਦੇ ਘਰਾਂ ਦੀਆਂ ਛੱਤਾਂ ਤੋਂ ਤਿਪਕ ਰਿਹੈ ਪਾਣੀ
ਮੋਰਨੀ ਦੇ ਕੁਦਾਨਾ ਪੰਚਾਇਤ ਦੇ ਡੂਹ ਪਿੰਡ ਵਿੱਚ ਹਾਲ ਹੀ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ ਮੀਂਹ ਕਾਰਨ ਪਿੰਡ ਵਾਸੀਆਂ ਦੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਈ ਘਰਾਂ ਦੀਆਂ ਛੱਤਾਂ ਤੋਂ ਪਾਣੀ ਤਿਪਕ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਦਾ ਸਾਰਾ ਸਾਮਾਨ ਬਾਹਰ ਕੱਢਣਾ ਪਿਆ। ਲੋਕ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਲਈ ਦਿਨ-ਰਾਤ ਜੱਦੋਜਹਿਦ ਕਰ ਰਹੇ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਰਾਹਤ ਕਾਰਜਾਂ ਨੂੰ ਤੇਜ਼ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਉਨ੍ਹਾਂ ਦੇ ਘਰਾਂ ਵਿੱਚ ਵੱਡੀਆਂ ਤਰੇੜਾਂ ਆ ਗਈਆਂ ਹਨ ਅਤੇ ਕੁਝ ਘਰਾਂ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਉਨ੍ਹਾਂ ਵਿੱਚ ਰਹਿਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਆਫ਼ਤ ਤੋਂ ਸਭ ਤੋਂ ਵੱਧ ਪ੍ਰਭਾਵਿਤ ਉਹ ਪਰਿਵਾਰ ਹਨ ਜੋ ਰੋਜ਼ਾਨਾ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ।