ਯੂਨੀਵਰਸਿਟੀ ’ਚ ਚਾਰ ਪਹੀਆ ਵਾਹਨਾਂ ਦਾ ਦਾਖਲਾ ਬੰਦ ਕਰਨ ’ਤੇ ਜ਼ੋਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਵਿਦਿਆਰਥੀ ਜਥੇਬੰਦੀ ਪੀਐੱਸਯੂ (ਲਲਕਾਰ) ਵੱਲੋਂ ਹਸਤਾਖਰ ਮੁਹਿੰਮ ਚਲਾ ਕੇ ਡੀਨ ਭਲਾਈ ਅਫ਼ਸਰ ਪ੍ਰੋ. ਅਮਿਤ ਚੌਹਾਨ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚੋਂ ਚਾਰ ਪਹੀਆ ਗੱਡੀਆਂ ਨੂੰ ਬੰਦ ਕਰਨ ਦੀ ਮੰਗ ਰੱਖੀ ਗਈ। ਜਥੇਬੰਦੀ ਦੇ ਕੈਂਪਸ ਪ੍ਰਧਾਨ ਜੋਬਨ ਨੇ ਕਿਹਾ ਕਿ ਕੈਂਪਸ ਵਿੱਚ ਚੋਣਾਂ ਦੇ ਮੱਦੇਨਜ਼ਰ ਚੈਕਿੰਗ ਲਈ ਚੰਡੀਗੜ੍ਹ ਪੁਲੀਸ ਦੀ ਤਾਇਨਾਤੀ ਕੀਤੀ ਗਈ ਹੈ। ਪਿਛਲੇ ਸਮੇਂ ਦੌਰਾਨ ਕੁਝ ਅਪਰਾਧੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਉਪਰੰਤ ਇਸ ਤਾਇਨਾਤੀ ਨੂੰ ਹੋਰ ਵਧਾਇਆ ਜਾ ਰਿਹਾ ਹੈ। ਜਥੇਬੰਦੀ ਦਾ ਮੰਨਣਾ ਹੈ ਕਿ ਯੂਨੀਵਰਸਿਟੀ ਵਿੱਚ ਚਾਰ ਪਹੀਆ ਵਾਹਨਾਂ ਦੀ ਐਂਟਰੀ ਯੂਨੀਵਰਸਿਟੀ ਵਿੱਚ ਹਥਿਆਰਾਂ ਅਤੇ ਨਸ਼ੇ ਦੀ ਮੌਜੂਦਗੀ ਲਈ ਵੱਡਾ ਕਾਰਨ ਹੈ। ਗੱਡੀਆਂ ਦੀ ਚੈਕਿੰਗ ਲਈ ਹੀ ਥਾਂ-ਥਾਂ ਬੈਰੀਕੇਡ ਅਤੇ ਨਾਕੇ ਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਐੱਸ.ਐੱਸ.ਪੀ. ਨਾਲ ਹੋਈ ਮੀਟਿੰਗ ਵਿੱਚ ਵੀ ਜਥੇਬੰਦੀ ਨੇ ਇਸ ਮਸਲੇ ਦਾ ਹੱਲ ਦਿੱਤਾ ਸੀ ਕਿ ਯੂਨੀਵਰਸਿਟੀ ਵਿੱਚ ਚਾਰ ਪਹੀਆ ਵਾਹਨ ਦੇ ਆਉਣ ’ਤੇ ਰੋਕ ਲਾਈ ਜਾਵੇ। ਮਸਲਾ ਇਕੱਲੇ ਅਪਰਾਧੀ ਤੱਤਾਂ ਦਾ ਹੀ ਨਹੀਂ ਹੈ ਸਗੋਂ ਗੱਡੀਆਂ ਕੈਂਪਸ ਵਿੱਚ ਹੁੱਲੜਬਾਜ਼ੀ ਅਤੇ ਕੁੜੀਆਂ ਨਾਲ਼ ਛੇੜਛਾੜ ਦਾ ਕਾਰਨ ਵੀ ਬਣਦੀਆਂ ਹਨ। ਇਸ ਲਈ ਅੱਜ ਜਥੇਬੰਦੀ ਨੇ ਹਸਤਾਖਰਾਂ ਵਾਲਾ ਮੰਗ ਪੱਤਰ ਡੀ.ਐੱਸ.ਡਬਲਿਊਜ਼ ਨੂੰ ਸੌਂਪਿਆ। ਉਨ੍ਹਾਂ ਕਿਹਾ ਕਿ ਕਾਰਾਂ ਲਈ ਵੱਖ-ਵੱਖ ਗੇਟਾਂ ਨੇੜੇ ਜਾਂ ਸਾਊਥ ਕੈਂਪਸ ਵਿਖੇ ਲੋੜੀਂਦੀ ਪਾਰਕਿੰਗ ਬਣਾਈ ਜਾਵੇ। ਆਵਾਜਾਈ ਲਈ ਸ਼ਟਲ ਬੱਸ ਸਰਵਿਸ ਦੀ ਸੇਵਾ ਵਧਾਈ ਜਾਵੇ।