ਇੰਦਰਾ ਗਾਂਧੀ ਨੇ ਕੁਰਸੀ ਬਚਾਉਣ ਲਈ ਲਾਈ ਸੀ ਐਮਰਜੈਂਸੀ: ਪੁਰੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੂਨ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਵਿੱਚ ਜੂਨ 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਕੁਰਸੀ ਬਚਾਉਣ ਲਈ ਐਮਰਜੈਂਸੀ ਲਗਾਈ ਸੀ। ਸ੍ਰੀ ਪੁਰੀ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਭਾਜਪਾ ਵੱਲੋਂ ਸੈਕਟਰ-33 ਵਿੱਚ ਮਨਾਏ ਗਏ ‘ਸੰਵਿਧਾਨ ਹੱਤਿਆ ਦਿਵਸ’ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਕਾਂਗਰਸ ਪਾਰਟੀ ਨੇ ਸੰਵਿਧਾਨ ਦੀ ਮੂਲ ਭਾਵਨਾ ਨਾਲ ਖੇਡਦੇ ਹੋਏ, 21 ਦਿਨਾਂ ਦੌਰਾਨ ਸੰਵਿਧਾਨ ਵਿੱਚ 48 ਸੋਧਾਂ ਕੀਤੀਆਂ। ਦੇਸ਼ ਦੇ 1.11 ਲੱਖ ਤੋਂ ਵੱਧ ਨਾਗਰਿਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਸੀ।
ਸ੍ਰੀ ਪੁਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਉਸ ਦੌਰਾਨ ਅਖ਼ਬਾਰਾਂ ਦੇ ਪ੍ਰੈਸਾਂ ਨੂੰ ਜਿੰਦੇ ਲਗਾ ਦਿੱਤੇ ਗਏ ਤੇ ਬਿਜਲੀ ਕੱਟ ਦਿੱਤੀ ਗਈ ਸੀ। ਖ਼ਬਰਾਂ ’ਤੇ ਸੈਂਸਰਸ਼ਿਪ ਲਗਾਈ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ’ਤੇ ਲੰਬਾ ਸਮਾਂ ਰਾਜ ਕਰ ਕੇ ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ ਦੀ ਰਾਖੀ ਲਈ ਲਗਾਤਾਰ ਪਹਿਰਾ ਦੇ ਰਹੀ ਹੈ।
ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਮਰਜੈਂਸੀ ਦੌਰਾਨ ਮੀਸਾ ਕਾਨੂੰਨ ਤਹਿਤ ਜੇਲ੍ਹ ਵਿੱਚ ਬੰਦ ਲੋਕਤੰਤਰ ਸੈਨਾਨੀ ਦੇਸ਼ਰਾਜ ਟੰਡਨ ਅਤੇ ਜਤਿੰਦਰ ਚੋਪੜਾ ਦਾ ਸਨਮਾਨ ਕੀਤਾ। ਕੇਂਦਰੀ ਮੰਤਰੀ ਨੇ ਚੰਡੀਗੜ੍ਹ ਭਾਜਪਾ ਦੇ ਸੈਕਟਰ-33 ਵਿੱਚ ਸਥਿਤ ਦਫ਼ਤਰ ਕਮਲਮ ਵਿੱਚ ਐਮਰਜੈਂਸੀ ’ਤੇ ਆਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਪ੍ਰੋਗਰਾਮ ਕੋਆਰਡੀਨੇਟਰ ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਸਾਬਕਾ ਸੂਬਾ ਪ੍ਰਧਾਨ ਸੰਜੈ ਟੰਡਨ, ਸਾਬਕਾ ਪ੍ਰਧਾਨ ਅਰੁਣ ਸੂਦ, ਸਾਬਕਾ ਸੰਸਦ ਮੈਂਬਰ ਸੱਤਿਆਪਾਲ ਜੈਨ, ਪ੍ਰੋਗਰਾਮ ਕੋਆਰਡੀਨੇਟਰ ਜਗਤਾਰ ਢਿੱਲੋਂ ਆਦਿ ਮੌਜੂਦ ਸਨ।