ਭਾਰਤ ਦਾ 500 ਗੀਗਾਵਾਟ ਨਵੀਕਰਨਯੋਗ ਊਰਜਾ ਸਮਰੱਥਾ ਦਾ ਟੀਚਾ: ਵਿੱਜ
ਹਰਿਆਣਾ ਦੇ ਊਰਜਾ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਭਾਰਤ ਨੇ 2030 ਤੱਕ 500 ਗੀਗਾਵਾਟ ਨਵੀਕਰਨਯੋਗ ਊਰਜਾ ਸਮਰੱਥਾ ਹਾਸਲ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੀਓਪੀ-26 ਗਲਾਸਗੋ ਵਿੱਚ ਐਲਾਨੇ ਪੰਚਾਮ੍ਰਿਤ ਟੀਚੇ ਅਨੁਸਾਰ ਦੇਸ਼ ਇਕ ਬਿਲੀਅਨ ਟਨ ਕਾਰਬਨ ਉਤਸਰਜਨ ਘਟਾਉਣ, 50 ਪ੍ਰਤੀਸ਼ਤ ਊਰਜਾ ਲੋੜਾਂ ਨਵੀਕਰਨਯੋਗ ਸਰੋਤਾਂ ਰਾਹੀਂ ਪੂਰੀਆਂ ਕਰਨ ਅਤੇ 2070 ਤੱਕ ਨੈੱਟ ਜ਼ੀਰੋ ਪ੍ਰਾਪਤ ਕਰਨ ਲਈ ਵਚਨਬੱਧ ਹੈ।
ਸ੍ਰੀ ਵਿੱਜ ਨੇ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਦ੍ਰਿਸ਼ਟੀ ਵਿਚ ਗ੍ਰੀਨ ਐਨਰਜੀ ਕੇਂਦਰੀ ਭੂਮਿਕਾ ਨਿਭਾਏਗੀ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਪਹਿਲਾਂ ਹੀ 2.1 ਗੀਗਾਵਾਟ ਸੂਰਜੀ ਸਮਰੱਥਾ ਸਥਾਪਤ ਕਰ ਚੁੱਕਾ ਹੈ ਅਤੇ ਘਰਾਂ, ਉਦਯੋਗਾਂ ਤੇ ਸੰਸਥਾਵਾਂ ਵਿੱਚ ਰੂਫਟਾਪ ਸੌਲਰ ਨੂੰ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ। ਫਿਲੀਪੀਨਜ਼ ਤੋਂ ਆਏ ਉੱਚ-ਪੱਧਰੀ ਪ੍ਰਤੀਨਿਧ ਮੰਡਲ ਨਾਲ ਅੰਬਾਲਾ ਵਿੱਚ ਹੋਈ ਮੀਟਿੰਗ ਦੌਰਾਨ ਊਰਜਾ ਮੰਤਰੀ ਨੇ ਕਿਹਾ ਕਿ ਵਿਗਿਆਨਕ ਖੋਜ ਅਤੇ ਚੰਗੀਆਂ ਪ੍ਰਥਾਵਾਂ ਦਾ ਅਦਾਨ-ਪ੍ਰਦਾਨ ਹੀ ਗਲੋਬਲ ਤਰੱਕੀ ਦੀ ਕੁੰਜੀ ਹੈ। ਉਨ੍ਹਾਂ ਉਮੀਦ ਜਤਾਈ ਕਿ ਫਿਲੀਪੀਨਜ਼ ਹਰਿਆਣਾ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ, ਜਿਸ ਨਾਲ ਪਿੰਡਾਂ ਨੂੰ ਬਾਹਰੀ ਬਿਜਲੀ ਸਪਲਾਈ ਤੋਂ ਆਜ਼ਾਦ ਕੀਤਾ ਜਾ ਸਕੇਗਾ।