ਚੰਡੀਗੜ੍ਹ ’ਚ ਵਧੀ ਠੰਢ ਨੇ ਕਾਂਬਾ ਛੇੜਿਆ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਹਾੜੀ ਇਲਾਕੇ ਦੀਆਂ ਹਵਾਵਾਂ ਕਰਕੇ ਠੰਢ ਵਧਣੀ ਸ਼ੁਰੂ ਹੋ ਗਈ ਹੈ। ਸਵੇਰ ਤੇ ਰਾਤ ਵਧੀ ਠੰਢ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਪਹਾੜੀ ਖੇਤਰ ਦੀਆਂ ਹਵਾਵਾਂ ਕਾਰਨ ਰਾਤਾਂ ਠੰਢੀਆਂ ਹੋਣ ਲੱਗ ਪਈਆਂ ਹਨ, ਜਦੋਂ ਕਿ ਦਿਨ ਸਮੇਂ ਤਿੱਖੀ ਧੁੱਪ ਨਿਕਲ ਰਹੀ ਹੈ, ਜਿਸ ਕਰਕੇ ਲੋਕਾਂ ਨੂੰ ਦਿਨ ਸਮੇਂ ਨਿੱਘ ਮਿਲ ਰਿਹਾ ਹੈ। ਸਵੇਰੇ ਅਤੇ ਸ਼ਾਮ ਵੇਲੇ ਲੋਕ ਸੜਕਾਂ ਕੰਢੇ ਲੋਕ ਠੰਢ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਲੰਘੀ ਰਾਤ ਘੱਟ ਤੋਂ ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 1.8 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 27.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 1.2 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਹੈ।
ਮੌਸਮ ਵਿਭਾਗ ਨੇ ਅਗਲੇ ਦੋ-ਤਿੰਨ ਚੰਡੀਗੜ੍ਹ ਵਿੱਚ ਠੰਢੀਆਂ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਕਰਕੇ ਸਵੇਰ ਤੇ ਰਾਤ ਸਮੇਂ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਮੌਸਮ ਵਿਗਿਆਨੀਆਂ ਮੁਤਾਬਕ ਪਹਾੜੀ ਇਲਾਕੇ ਵਿੱਚ ਪਿਛਲੇ ਦਿਨੀਂ ਹੋਈ ਹਲਕੀ ਬਰਫਬਾਰੀ ਕਰਕੇ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ, ਜਦੋਂ ਕਿ ਆਉਣ ਵਾਲੇ ਦਿਨਾਂ ਵਿੱਚ ਉੱਪਰਲੇ ਪਹਾੜੀ ਇਲਾਕੇ ਵਿੱਚ ਮੁੜ ਤੋਂ ਬਰਫ਼ਬਾਰੀ ਹੋ ਸਕਦੀ ਹੈ। ਇਸ ਕਰਕੇ ਮੈਦਾਨੀ ਇਲਾਕੇ ਵਿੱਚ ਠੰਢ ਵਧ ਸਕਦੀ ਹੈ। ਦੂਜੇ ਪਾਸੇ ਸਿਹਤ ਵਿਭਾਗ ਨੇ ਲੋਕਾਂ ਨੂੰ ਬਦਲਦੇ ਮੌਸਮ ਤੋਂ ਬਚਾਅ ਰੱਖਣ ਦੀ ਅਪੀਲ ਕੀਤੀ ਹੈ।
