ਹਰਮਨਪ੍ਰੀਤ ਤੇ ਯੁਵਰਾਜ ਦੇ ਨਾਂ ’ਤੇ ਸਟੈਂਡਾਂ ਦਾ ਉਦਘਾਟਨ
ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਨੇੜਲੇ ਕ੍ਰਿਕਟ ਸਟੇਡੀਅਮ ਵਿਖੇ ਅੱਜ ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਟੀ-20 ਮੈਚ ਆਰੰਭ ਹੋਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਟੇਡੀਅਮ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਪੀ ਸੀ ਏ ਵੱਲੋਂ ਕ੍ਰਿਕਟਰ ਯੁਵਰਾਜ ਸਿੰਘ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਮ ’ਤੇ ਨਵੇਂ ਬਣਾਏ ਗਏ ਸਟੈਂਡਾਂ ਦਾ ਉਦਘਾਟਨ ਕੀਤਾ। ਉਦਘਾਟਨ ਮੌਕੇ ਦੋਵੇਂ ਖ਼ਿਡਾਰੀਆਂ ਤੋਂ ਇਲਾਵਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ।
ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਪੰਜਾਬ ਦੀਆਂ ਦੋ ਹੋਰ ਖ਼ਿਡਾਰਨਾਂ ਅਮਨਦੀਪ ਕੌਰ ਅਤੇ ਹਰਲੀਨ ਕੌਰ ਦਿਓਲ ਦਾ ਵਿਸ਼ੇਸ਼ ਸਨਮਾਨ ਕੀਤਾ। ਮਹਿਲਾ ਟੀਮ ਦੇ ਫੀਲਡਿੰਗ ਕੋਚ ਮਨੀਸ਼ ਬਾਲੀ ਦਾ ਵੀ ਸਨਮਾਨ ਕੀਤਾ ਗਿਆ। ਪੀ ਸੀ ਏ ਵੱਲੋਂ ਤਿੰਨੋਂ ਖ਼ਿਡਾਰਨਾਂ ਨੂੰ 11-11 ਲੱਖ ਅਤੇ ਕੋਚ ਨੂੰ ਪੰਜ ਲੱਖ ਦਾ ਚੈੱਕ ਭੇਟ ਕੀਤਾ। ਇਸ ਮੌਕੇ ਤਿੰਨੋਂ ਖ਼ਿਡਾਰਨਾਂ ਦੇ ਮਾਪੇ ਵੀ ਹਾਜ਼ਰ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨੋਂ ਖ਼ਿਡਾਰਨਾਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਸਾਰਿਆਂ ਨੂੰ ਵਿਸ਼ਵ ਕੱਪ ਜਿੱਤਣ ਲਈ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ।
ਤੀਹ ਹਜ਼ਾਰ ਤੋਂ ਵੱਧ ਦਰਸ਼ਕਾਂ ਨੇ ਮੈਚ ਦਾ ਆਨੰਦ ਮਾਣਿਆ
ਐੱਸ ਏ ਐੱਸ ਨਗਰ (ਮੁਹਾਲੀ): ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਅੱਜ ਟੀ-20 ਸ਼ੀਰਜ ਦੇ ਦੂਜੇ ਕ੍ਰਿਕਟ ਮੈਚ ਦਾ30 ਹਜ਼ਾਰ ਤੋਂ ਵੱਧ ਦਰਸ਼ਕਾਂ ਨੇ ਆਨੰਦ ਮਾਣਿਆ। ਸ਼ਾਮ ਨੂੰ 7 ਵਜੇ ਮੈਚ ਸ਼ੁਰੂ ਹੋਣ ਤੋਂ ਕਰੀਬ ਦੋ ਘੰਟੇ ਪਹਿਲਾਂ ਹੀ ਦਰਸ਼ਕ ਸਟੇਡੀਅਮ ਵਿਚ ਪਹੁੰਚਣੇ ਸ਼ੁਰੂ ਹੋ ਗਏ ਸਨ। ਕ੍ਰਿਕਟਰ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਦੇ ਮਾਪੇ ਅਤੇ ਮਹਿਲਾ ਕ੍ਰਿਕਟ ਟੀਮ ਦੀਆਂ ਖ਼ਿਡਾਰਨਾਂ ਅਤੇ ਉਨ੍ਹਾਂ ਦੇ ਮਾਪੇ ਵੀ ਮੈਚ ਵੇਖਣ ਪਹੁੰਚੇ। ਸਟੇਡੀਅਮ ਦੇ ਗੇਟਾਂ ਅੱਗੇ ਦਰਸ਼ਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ।
ਸਟੇਡੀਅਮ ਦੇ ਬਾਹਰ ਸੜਕਾਂ ’ਤੇ ਜਾਮ ਕਾਰਨ ਲੋਕ ਪ੍ਰੇਸ਼ਾਨ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਤੀੜਾ ’ਚ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਅੱਜ ਸ਼ਾਮ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਟੀ-20 ਕ੍ਰਿਕਟ ਮੈਚ ਦੌਰਾਨ ਸਟੇਡੀਅਮ ਦੇ ਬਾਹਰ ਸੜਕਾਂ ’ਤੇ ਜਾਮ ਲੱਗਾ ਰਿਹਾ। ਜ਼ਿਕਰਯੋਗ ਹੈ ਕਿ ਵਾਹਨ ਲਈ ਪਾਰਕਿੰਗਾਂ ਸਟੇਡੀਅਮ ਨੇੜੇ ਕੁੱਝ ਖੇਤਾਂ ਵਿੱਚ ਬਣਾਈਆਂ ਗਈਆਂ ਸਨ ਜੋ ਕਿ ਪੇਡ ਸਨ। ਪਾਰਕਿੰਗਾਂ ਭਰ ਜਾਣ ਕਰਕੇ ਦਰਸ਼ਕ ਆਪਣੇ ਵਾਹਨ ਨੂੰ ਸੜਕ ਦਰਮਿਆਨ ਤੇ ਕਿਨਾਰੇ ਛੱਡੀਆਂ ਹੋਈਆਂ ਕੱਚੀਆਂ ਪੱਟੀਆਂ ਵਿੱਚ ਹੀ ਪਾਰਕ ਕਰਦੇ ਰਹੇੇ। ਸਟੇਡੀਅਮ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਪਿੰਡ ਸੈਣੀਮਾਜਰਾ ਤੇ ਤੋਗਾਂ ਟੀ ਪੁਆਇੰਟਾਂ ਕੋਲ ਪੁਲੀਸ ਨਾਕੇ ਵੀ ਲਗਾਏ ਸਨ। ਇਨ੍ਹਾਂ ਨਾਕਿਆਂ ਕੋਲ ਕਾਫੀ ਸਮੇਂ ਤੱਕ ਲੱਗੇ ਟਰੈਫਿਕ ਜਾਮ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਰਹੇ ਤੇ ਕਈਆਂ ਨੂੰ ਆਪਣੀਆਂ ਗੱਡੀਆਂ ਨਾਕਿਆਂ ਨੇੜੇ ਵਿੰਗੇ ਟੇਢੇ ਢੰਗ ਨਾਲ ਖੜ੍ਹੀਆਂ ਕਰਕੇ ਉਥੋਂ ਹੀ ਸਟੇਡੀਅਮ ਤੱਕ ਪੈਦਲ ਜਾਣਾ ਪਿਆ।
