ਚੰਡੀਗੜ੍ਹ ਵਿੱਚ ‘ਗ੍ਰੀਨ ਦੀਵਾਲੀ’ ਦਾ ਅਸਰ; ਹਵਾ ਰਹੀ ਜ਼ਿਆਦਾ ਸਾਫ਼
ਚੰਡੀਗੜ੍ਹ ਵਿੱਚ ਦੀਵਾਲੀ ਦੀ ਰਾਤ ਨੂੰ ਭਾਰੀ ਆਤਿਸ਼ਬਾਜ਼ੀ ਦੇਖਣ ਨੂੰ ਮਿਲੀ, ਪਰ ਹਵਾ ਦੀ ਗੁਣਵੱਤਾ ’ਤੇ ਕੋਈ ਖਾਸ ਅਸਰ ਨਹੀਂ ਪਿਆ। ਲੋਕਾਂ ਨੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਤੋਂ ਬਚਣ ਲਈ ਨਿਯਮਾਂ ਦੀ ਪਾਲਣਾ ਕੀਤੀ।
ਇਸ ਦੀਵਾਲੀ ’ਤੇ ਚੰਡੀਗੜ੍ਹ ਵਿੱਚ ਪ੍ਰਦੂਸ਼ਣ ਦਾ ਪੱਧਰ ਪਿਛਲੇ ਸਾਲਾਂ ਨਾਲੋਂ ਘੱਟ ਸੀ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੀ ਇੱਕ ਰਿਪੋਰਟ ਦੇ ਅਨੁਸਾਰ, ਸ਼ਹਿਰ ਦੀ ਹਵਾ ਪਹਿਲਾਂ ਨਾਲੋਂ ਸਾਫ਼ ਸੀ ਅਤੇ ਲੋਕਾਂ ਨੇ ਪ੍ਰਸ਼ਾਸਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ। ਜ਼ਿਆਦਾਤਰ ਲੋਕਾਂ ਨੇ ਸਿਰਫ ਹਰੇ ਪਟਾਕੇ ਹੀ ਚਲਾਏ,ਅਤੇ ਉਹ ਵੀ ਨਿਰਧਾਰਤ ਸਮੇਂ ਦੌਰਾਨ, ਰਾਤ 8 ਤੋਂ 10 ਵਜੇ ਦੇ ਵਿਚਕਾਰ।
ਵਾਤਾਵਰਣ ਵਿਭਾਗ ਦੇ ਡਾਇਰੈਕਟਰ ਸੌਰਭ ਕੁਮਾਰ ਨੇ ਕਿਹਾ ਕਿ ਹਰ ਸਾਲ ਵਾਂਗ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਵਾਤਾਵਰਣ ਵਿਭਾਗ ਨੇ AQI ਪੈਮਾਨੇ ਦੀ ਨੇੜਿਓਂ ਨਿਗਰਾਨੀ ਕੀਤੀ ਹੈ। 13 ਅਕਤੂਬਰ ਦਾ ਡੇਟਾ ਸਾਰੇ ਸਟੇਸ਼ਨਾਂ ’ਤੇ ਤਸੱਲੀਬਖਸ਼ ਤੋਂ ਦਰਮਿਆਨੀ ਸੀਮਾ ਵਿੱਚ ਸੀ।
ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਅਤੇ ਨਾਗਰਿਕਾਂ ਨੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਨਿਯਮਾਂ ਦੀ ਉਤਸ਼ਾਹ ਨਾਲ ਪਾਲਣਾ ਕੀਤੀ ਹੈ ਇਸਦਾ ਸਿਹਰਾ ਸ਼ਹਿਰ ਵਾਸੀਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਾਰੇ ਮਾਪਦੰਡਾਂ ਦੀ ਬਹੁਤ ਚੰਗੀ ਤਰ੍ਹਾਂ ਪਾਲਣਾ ਕੀਤੀ ਹੈ।