ਇਮੀਗ੍ਰੇਸ਼ਨ ਮਾਲਕ ਖੁਦਕਸ਼ੀ ਮਾਮਲਾ: ਏ ਐੱਸ ਆਈ ਤੇ ਸੀ ਏ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ
ਮੁਹਾਲੀ ਦੇ ਸੈਕਟਰ 68 ਦੇ ਐੱਚ ਡੀ ਐਫ਼ ਸੀ ਬੈਂਕ ਵਿੱਚ ਨੌਂ ਸਤੰਬਰ ਨੂੰ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖ਼ੁਦਕਸ਼ੀ ਕਰ ਗਏ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਰਾਜਦੀਪ ਸਿੰਘ ਦੇ ਕੇਸ ਵਿੱਚ ਨਾਮਜ਼ਦ ਕੀਤੇ ਗਏ ਪੰਜਾਬ ਪੁਲੀਸ ਦੇ ਏ ਐੱਸ ਆਈ ਰਿਸ਼ੀ ਰਾਜ ਅਤੇ ਸੀ ਏ ਸ਼ਮੀਰ ਅਗਰਵਾਲ ਦੀ ਅਗਾਊਂ ਜਮਾਨਤ ਦੀ ਅਰਜ਼ੀ ਮੁਹਾਲੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਮੁਹਾਲੀ ਦੇ ਫੇਜ਼ ਅੱਠ ਥਾਣੇ ਵਿਚ ਮ੍ਰਿਤਕ ਰਾਜਦੀਪ ਦੇ ਪਿਤਾ ਪਰਮਜੀਤ ਸਿੰਘ ਦੇ ਬਿਆਨਾਂ ਉੱਤੇ ਇਸ ਮਾਮਲੇ ਸਬੰਧੀ ਪੰਜਾਬ ਪੁਲੀਸ ਦੇ ਏ ਆਈ ਜੀ ਗੁਰਜੋਤ ਸਿਘ ਕਲੇਰ, ਉਨ੍ਹਾਂ ਦੇ ਨਾਲ ਨਿਯੁਕਤ ਏ ਐੱਸ ਆਈ ਰਿਸ਼ੀ ਰਾਜ ਸਿੰਘ, ਸੀ ਏ ਸ਼ਮੀਰ ਅਗਰਵਾਲ, ਰਿੰਕੂ ਕ੍ਰਿਸ਼ਨਾ, ਸ਼ਾਇਨਾ ਅਰੋੜਾ ਆਦਿ ਤੇ ਪਰਚਾ ਦਰਜ ਹੋਇਆ ਸੀ।
ਏ ਐੱਸ ਆਈ ਰਿਸ਼ੀ ਰਾਜ ਨੇ 12 ਸਤੰਬਰ ਨੂੰ ਮੁਹਾਲੀ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਅਗਾਊਂ ਜ਼ਮਾਨਤ ਮੰਗੀ ਸੀ। ਅਦਾਲਤ ਵੱਲੋਂ ਇਸ ਮਾਮਲੇ ਦੀ ਪਹਿਲਾਂ 15 ਸਤੰਬਰ ਤਾਰੀਕ ਨਿਰਧਾਰਿਤ ਕਰਕੇ ਪੁਲੀਸ ਤੋਂ ਜਵਾਬ ਮੰਗਿਆ ਸੀ। ਇਸ ਮਾਮਲੇ ਦੀ ਸੁਣਵਾਈ ਅੱਜ ਤੇ ਪੈ ਗਈ ਸੀ। ਇਸੇ ਤਰ੍ਹਾਂ ਸੀ ਏ ਸ਼ਮੀਰ ਅਗਰਵਾਲ ਨੇ 15 ਸਤੰਬਰ ਨੂੰ ਪਟੀਸ਼ਨ ਦਾਇਰ ਕਰਕੇ ਅਗਾਊਂ ਜ਼ਮਾਨਤ ਮੰਗੀ ਸੀ।
ਮੁਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿਚ ਅੱਜ ਦੋਵੇਂ ਮਾਮਲਿਆਂ ਦੀ ਸੁਣਵਾਈ ਹੋਈ। ਸਰਕਾਰੀ ਅਤੇ ਬਚਾਓ ਪੱਖ ਵੱਲੋਂ ਆਪੋ ਆਪਣੀ ਦਲੀਲਾਂ ਦਿੱਤੀਆਂ ਗਈਆਂ। ਇਸ ਮਗਰੋਂ ਅਦਾਲਤ ਵੱਲੋਂ ਏ ਐੱਸ ਆਈ ਰਿਸ਼ੀ ਰਾਜ ਅਤੇ ਸੀ ਏ ਸ਼ਮੀਰ ਅਗਰਵਾਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ: ਐੱਸ ਐੱਸ ਓ
ਥਾਣਾ ਫੇਜ਼ ਅੱਠ ਦੇ ਐੱਸ ਐੱਸ ਓ ਸਤਨਾਮ ਸਿੰਘ ਨੇ ਦੋਹਾਂ ਦੀਆਂ ਅਗਾਊਂ ਜ਼ਮਾਨਤਾਂ ਰੱਦ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਵੱਲੋਂ ਪਰਚੇ ਵਿਚ ਸ਼ਾਮਲ ਸਾਰੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਰੂਪੋਸ਼ ਹਨ ਅਤੇ ਜਲਦੀ ਹੀ ਪੁਲੀਸ ਉਨ੍ਹਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਲਵੇਗੀ।