ਨਾਜਾਇਜ਼ ਮਾਈਨਿੰਗ: ਗੋਲਡਨ ਫਾਰੈਸਟ ਦੀ ਜ਼ਮੀਨ ਦੀ ਪੈਮਾਇਸ਼
ਪਿੰਡ ਮੀਆਂਪੁਰ ਵਿੱਚ ਗੋਲਡਨ ਫਾਰੈਸਟ ਦੀ ਜ਼ਮੀਨ ਵਿੱਚ ਮਿੱਟੀ ਦੀ ਨਾਜਾਇਜ਼ ਮਾਈਨਿੰਗ ਸਬੰਧੀ ਅੱਜ ਮਾਈਨਿੰਗ ਵਿਭਾਗ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਜ਼ਮੀਨ ਦੀ ਪੈਮਾਇਸ਼ ਕੀਤੀ ਗਈ। ਮੌਕੇ ’ਤੇ ਜ਼ਮੀਨ ਵਿੱਚ ਮਿੱਟੀ ਦੀ ਨਾਜਾਇਜ਼ ਚੁੱਕਾਈ ਪਾਈ ਗਈ ਅਤੇ ਜ਼ਮੀਨ ਵਿੱਚ ਕਾਫੀ ਡੂੰਘੇ ਖੱਡੇ ਪਏ ਹੋਏ ਸਨ। ਜ਼ਿਕਰਯੋਗ ਹੈ ਕਿ ਇਥੋਂ ਦੇ ਪਿੰਡ ਮੀਆਂਪੁਰ ਵਿੱਚ ਸੱਤਾਧਾਰੀ ਪਾਰਟੀ ਦੇ ਕੁਝ ਆਗੂ ਪਿੰਡ ਵਿੱਚ ਪੈਂਦੀ ਗੋਲਡਨ ਫੋਰੈਸਟ ਦੀ ਜ਼ਮੀਨ ਵਿੱਚ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਕਈ ਵਾਰ ਸ਼ਿਤਾਇਤ ਕੀਤੀ ਗਈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਗੋਲਡਨ ਫੋਰੈਸਟ ਕੰਪਨੀ ਦੀ ਜ਼ਮੀਨ ਲਾਵਾਰਿਸ ਪਈ ਹੈ। ਇਸ ਜ਼ਮੀਨ ਦੀ ਦੇਖਰੇਖ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਪਰ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸੱਤਾਧਾਰੀ ਪਾਰਟੀ ਦੇ ਕੁਝ ਆਗੂ ਇਸ ਜ਼ਮੀਨ ਵਿੱਚ ਸ਼ਾਮ ਦਾ ਹਨੇਰਾ ਹੁੰਦੇ ਹੀ ਪੋਕਲੇਨ ਅਤੇ ਜੇਸੀਬੀ ਮਸ਼ੀਨਾਂ ਅਤੇ ਟਿੱਪਰਾਂ ਰਾਹੀਂ ਮਿੱਟੀ ਦੀ ਚੋਰੀ ਕਰ ਰਹੇ ਹਨ। ਰੋਜ਼ਾਨਾ ਰਾਤ ਨੂੰ ਮਿੱਟੀ ਚੋਰੀ ਕੀਤੀ ਜਾ ਰਹੀ ਹੈ ਪਰ ਮਿਲੀਭੁਗਤ ਦੇ ਚੱਲਦਿਆਂ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਮਾਈਨਿੰਗ ਵਿਭਾਗ ਦੇ ਐੱਸ ਡੀ ਓ ਰਵਿੰਦਰਪਾਲ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਅੱਜ ਮੌਕੇ ਦਾ ਦੌਰਾ ਕਰ ਜ਼ਮੀਨ ਦੀ ਪੈਮਾਇਸ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਪੁਲੀਸ ਨੂੰ ਸ਼ਿਕਾਇਤ ਦੇ ਕਾਰਵਾਈ ਕਰਨ ਲਈ ਲਿਖਿਆ ਹੈ।
