ਨਾਜਾਇਜ਼ ਖਣਨ: ਘੱਗਰ ਨੇੜੇ ਖਣਨ ਵਿਭਾਗ ਦਾ ਛਾਪਾ
ਖੇਤਰ ਵਿੱਚ ਚੱਲ ਰਹੀ ਕਥਿਤ ਨਾਜਾਇਜ਼ ਮਾਈਨਿੰਗ ਵਿਰੁੱਧ ‘ਪੰਜਾਬੀ ਟ੍ਰਿਬਿਊਨ’ ਵੱਲੋਂ ਲਗਾਤਾਰ ਖ਼ਬਰਾਂ ਛਾਪਣ ਮਗਰੋਂ ਮਾਈਨਿੰਗ ਵਿਭਾਗ ਨੇ ਅੱਜ ਪਿੰਡ ਕਕਰਾਲੀ ਵਿੱਚ ਘੱਗਰ ਨਦੀ ਦੇ ਨੇੜੇ ਛਾਪਾ ਮਾਰਿਆ। ਵਿਭਾਗ ਦੇ ਅਧਿਕਾਰੀਆਂ ਨੇ ਜ਼ਮੀਨ ਮਾਲਕਾਂ ਦੇ ਨਾਂਅ ਪਤਾ ਕਰਨ ਲਈ ਮਾਲ ਵਿਭਾਗ ਤੋਂ ਜਾਣਕਾਰੀ ਮੰਗੀ ਹੈ।
ਦੂਜੇ ਪਾਸੇ ਮਾਈਨਿੰਗ ਵਿਭਾਗ ਦੀ ਇਸ ਕਾਰਵਾਈ ਨੂੰ ਸਥਾਨਕ ਲੋਕਾਂ ਨੇ ਮਹਿਜ਼ ਖਾਨਾਪੂਰਤੀ ਕਰਾਰ ਦਿੱਤਾ ਹੈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਰੋਜ਼ਾਨਾ ਰਾਤ ਨੂੰ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੋਕਲੈਨ ਅਤੇ ਜੇਸੀਬੀ ਮਸ਼ੀਨਾਂ ਦੇ ਰਾਹੀਂ ਮਾਈਨਿੰਗ ਮਾਫੀਆ ਰਾਤ ਨੂੰ ਸੈਂਕੜੇ ਟਿੱਪਰਾਂ ਅਤੇ ਟਰੈਕਟਰ ਟਰਾਲੀਆਂ ਰਾਹੀਂ ਘੱਗਰ ਨਦੀ ਦੇ ਕੰਢੇ ਪੈਂਦੇ ਪਿੰਡ ਕਕਰਾਲੀ ਅਤੇ ਹੋਰਨਾਂ ਪਿੰਡਾਂ ਦੀਆਂ ਜ਼ਮੀਨਾਂ ਵਿੱਚ ਰੇਤ ਅਤੇ ਗਰੈਵਲ ਦੀ ਚੋਰੀ ਕਰ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਰਿਹਾ ਹੈ ਪਰ ਇਸ ਦੇ ਬਾਵਜੂਦ ਮਾਈਨਿੰਗ ਵਿਭਾਗ ਦੇ ਅਧਿਕਾਰੀ ਕਾਰਵਾਈ ਦੇ ਨਾਂਅ ’ਤੇ ਜ਼ਮੀਨ ਮਾਲਕਾਂ ਦੇ ਨਾਂਅ ਪਤਾ ਕਰਨ ਲਈ ਮਾਲ ਵਿਭਾਗ ਤੋਂ ਜਾਣਕਾਰੀ ਮੰਗ ਰਹੇ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਅਧਿਕਾਰੀ ਮਾਈਨਿੰਗ ਮਾਫੀਆ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਖਾਨਾਪੂਰਤੀ ਰਹੇ ਹਨ।
ਉਨ੍ਹਾਂ ਕਿਹਾ ਕਿ ਪਿੰਡ ਕਕਰਾਲੀ ਦੀ ਗੁੱਗਾ ਮਾੜੀ ਵਾਲੀ ਗਲੀ ’ਚੋਂ ਮਾਫੀਆ ਚੋਰੀ ਦੇ ਰੇਤ ਅਤੇ ਗਰੈਵਲ ਦੇ ਟਿੱਪਰ ਅਤੇ ਟਰੈਕਟਰ ਟਰਾਲੀਆਂ ਲੰਘਾ ਰਿਹਾ ਹੈ। ਜੇਕਰ ਮਾਈਨਿੰਗ ਵਿਭਾਗ ਵੱਲੋਂ ਇਸ ਗਲੀ ਵਿੱਚ ਪਹਿਰਾ ਦਿੱਤਾ ਜਾਏ ਤਾਂ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।
ਖਣਨ ਵਾਲੀਆਂ ਚਾਰ ਥਾਵਾਂ ਦੀ ਪਛਾਣ ਕੀਤੀ: ਐੱਸ ਡੀ ਓ
ਮਾਈਨਿੰਗ ਵਿਭਾਗ ਦੇ ਐੱਸ.ਡੀ.ਓ. ਰਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਲੰਘੇ ਹਫ਼ਤੇ ਤੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਅੱਜ ਮੌਕੇ ਦਾ ਦੌਰਾ ਕਰਕੇ ਚਾਰ ਜ਼ਮੀਨਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਜ਼ਮੀਨ ਮਾਲਕਾਂ ਦੀ ਪਛਾਣ ਕਰਨ ਲਈ ਮਾਲ ਵਿਭਾਗ ਨੂੰ ਭੇਜਿਆ ਗਿਆ ਹੈ ਤੇ ਪਛਾਣ ਹੋਣ ਮਗਰੋਂ ਪੁਲੀਸ ਨੂੰ ਕਾਰਵਾਈ ਕਰਨ ਲਈ ਲਿਖਿਆ ਜਾਏਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜ਼ਿਆਦਾਤਰ ਮਾਫੀਆ ਹਰਿਆਣਾ ਤੋਂ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ ਜਿਸ ਨੂੰ ਪੰਜਾਬ ਵਿੱਚ ਸਮਝਿਆ ਜਾ ਰਿਹਾ ਹੈ।
