ਕਕਰਾਲੀ ’ਚ ਨਾਜਾਇਜ਼ ਖਣਨ; ਪ੍ਰਸ਼ਾਸਨ ਚੁੱਪ
ਨੇੜਲੇ ਪਿੰਡ ਕਕਰਾਲੀ ਵਿੱਚ ਨਾਜਾਇਜ਼ ਮਾਈਨਿੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇਥੋਂ ਲੰਘ ਰਹੀ ਘੱਗਰ ਨਦੀ ਅਤੇ ਨੇੜਲੀ ਜ਼ਮੀਨਾਂ ਵਿੱਚ ਖੁੱਲ੍ਹੇਆਮ ਨਾਜਾਇਜ਼ ਮਾਈਨਿੰਗ ਚਲ ਰਹੀ ਹੈ ਜਿਸ ਨਾਲ ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਮਾਈਨਿੰਗ ਮਾਫੀਆ ਰੁਕ ਨਹੀਂ ਰਿਹਾ। ਉਨ੍ਹਾਂ ਨੇ ਕਿਹਾ ਕਿ ਖ਼ੁਦ ਨੂੰ ਆਮ ਲੋਕਾਂ ਦੀ ਅਤੇ ਇਮਾਨਦਾਰ ਹੋਣ ਦਾ ਦਾਅਵਾ ਕਰਨ ਵਾਲੀ ਇਸ ਸਰਕਾਰ ਵਿੱਚ ਪਹਿਲੀਆਂ ਸਰਕਾਰਾਂ ਤੋਂ ਵੀ ਮਾੜਾ ਹਾਲ ਹੈ।ਪਹਿਲਾਂ ਸ਼ਿਕਾਇਤ ਕਰਨ ਤੇ ਘਟ ਤੋਂ ਘੱਟ ਮਾਈਨਿੰਗ ਕੁਛ ਦਿਨਾਂ ਲਈ ਬੰਦ ਹੋ ਜਾਂਦੀ ਸੀ ਪਰ ਇਸ ਸਰਕਾਰ ਵਿੱਚ ਤਾਂ ਮਾਈਨਿੰਗ ਮਾਫੀਆ ਬੇਖੌਫ਼ ਹੋ ਕੇ ਰੇਤੇ ਤੇ ਮਿੱਟੀ ਦੀ ਮਾਈਨਿੰਗ ਕਰ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਭਾਰੀ-ਭਰਕਮ ਮਸ਼ੀਨਾਂ, ਟਰਾਲੀਆਂ ਅਤੇ ਟਿੱਪਰਾਂ ਕੇਵਲ ਸੜਕਾਂ ਦਾ ਬੁਰਾ ਹਾਲ ਹੋ ਰਿਹਾ ਹੈ ਤੇ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਮੁਤਾਬਕ ਕਈ ਵਾਰ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਇਆ ਗਿਆ, ਪਰ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਗੱਲ ਕਰਨ ’ਤੇ ਮਾਈਨਿੰਗ ਵਿਭਾਗ ਦੇ ਐਕਸੀਅਨ ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਮੌਕੇ ਦਾ ਦੌਰਾ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।
