ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਕਰਾਲੀ ’ਚ ਮੁੜ ਨਾਜਾਇਜ਼ ਮਾਈਨਿੰਗ

ਰੋਜ਼ਾਨਾ ਸੈਂਕੜੇ ਟਰੈਕਟਰ-ਟਰਾਲੀਆਂ ਰਾਹੀਂ ਕੀਤੀ ਜਾ ਰਹੀ ਹੈ ਨਾਜਾਇਜ਼ ਮਾਈਨਿੰਗ; ਵਿਭਾਗ ਨੂੰ ਕਾਰਵਾਈ ਲਈ ਪੱਤਰ ਲਿਖਿਆ
Advertisement

ਹਲਕਾ ਡੇਰਾਬੱਸੀ ਵਿੱਚ ਘੱਗਰ ਨਦੀ ਦੇ ਨੇੜਲੇ ਪਿੰਡਾਂ ਵਿੱਚ ਮੁੜ ਤੋਂ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਚਾਲੂ ਹੋ ਗਿਆ ਹੈ। ਰਾਤ ਦੇ ਹਨੇਰੇ ਵਿੱਚ ਮਾਈਨਿੰਗ ਮਾਫ਼ੀਆ ਘੱਗਰ ਨਦੀ ਵਿੱਚੋਂ ਰੋਜ਼ਾਨਾ ਲੱਖਾਂ ਰੁਪਏ ਦਾ ਰੇਤ ਅਤੇ ਗਰੈਵਲ ਦੀ ਚੋਰੀ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਖੇਤਰ ਵਿੱਚ ਇਸ ਵੇਲੇ ਸਭ ਤੋਂ ਵੱਧ ਮਾਈਨਿੰਗ ਡੇਰਾਬੱਸੀ ਦੇ ਨੇੜਲੇ ਪਿੰਡ ਕਕਰਾਲੀ ਵਿਖੇ ਹੋ ਰਹੀ ਹੈ। ਮਾਈਨਿੰਗ ਮਾਫ਼ੀਆ ਪੋਕਲੈਨ ਅਤੇ ਜੇਸੀਬੀ ਵਰਗੀ ਵੱਡੀਆਂ ਮਸ਼ੀਨਾਂ ਨਾਲ ਘੱਗਰ ਨਦੀ ਅਤੇ ਨੇੜਲੀ ਜ਼ਮੀਨਾਂ ਵਿੱਚੋਂ ਰੇਤ ਅਤੇ ਗਰੈਵਲ ਦੀ ਚੋਰੀ ਕਰ ਰਿਹਾ ਹੈ। ਪੰਜਾਬ ਵਿੱਚ ਆਏ ਹੜ੍ਹਾਂ ਦਾ ਸਭ ਤੋਂ ਵੱਧ ਲਾਹਾ ਮਾਈਨਿੰਗ ਮਾਫ਼ੀਆ ਚੁੱਕ ਰਿਹਾ ਹੈ। ਇਸ ਵਾਰ ਪਹਾੜਾਂ ਤੋਂ ਪਾਣੀ ਵੱਧ ਆਉਣ ਕਾਰਨ ਘੱਗਰ ਨਦੀ ਅਤੇ ਨੇੜਲੀ ਜ਼ਮੀਨਾਂ ਰੇਤ ਨਾਲ ਭਰੀ ਹੋਈਆਂ ਹਨ ਜੋ ਮਾਈਨਿੰਗ ਮਾਫ਼ੀਆ ਲਈ ਚਾਂਦੀ ਸਾਬਤ ਹੋ ਰਿਹਾ ਹੈ। ਰੋਜ਼ਾਨਾ ਸੈਂਕੜੇ ਟਿੱਪਰ ਅਤੇ ਟਰੈਕਟਰ ਟਰਾਲੀਆਂ ਰਾਹੀਂ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਰਹੇ ਹਨ।

ਲੋਕਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ, ਮਾਈਨਿੰਗ ਮਾਫ਼ੀਆ ਖ਼ਿਲਾਫ਼ ਕਾਰਵਾਈ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਇਸਦੇ ਬਾਵਜੂਦ ਇਲਾਕੇ ਵਿੱਚ ਮਾਈਨਿੰਗ ਮਾਫ਼ੀਆ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਓਵਰਲੋਡ ਟਿੱਪਰ ਇਲਾਕੇ ਦੀ ਸੜਕਾਂ ਦਾ ਵੀ ਨੁਕਸਾਨ ਕਰ ਰਹੇ ਹਨ। ਐੱਸ ਡੀ ਐੱਮ ਅਮਿਤ ਗੁਪਤਾ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਮਾਈਨਿੰਗ ਵਿਭਾਗ ਨੂੰ ਕਾਰਵਾਈ ਕਰਨ ਲਈ ਪੱਤਰ ਲਿਖਿਆ ਹੈ। ਮਾਈਨਿੰਗ ਵਿਭਾਗ ਦੇ ਐੱਸ ਡੀ ਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਜਦ ਵੀ ਉਹ ਮੌਕੇ ’ਤੇ ਪਹੁੰਚਦੇ ਹਨ ਤਾਂ ਮਾਈਨਿੰਗ ਮਾਫ਼ੀਆ ਨੂੰ ਇਸ ਦੀ ਪਹਿਲਾਂ ਹੀ ਭਿਣਕ ਲੱਗ ਜਾਂਦੀ ਹੈ ਅਤੇ ਉਹ ਮੌਕੇ ਤੋਂ ਗਾਇਬ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਮਾਫ਼ੀਆ ਵੱਲੋਂ ਟੀਮ ’ਤੇ ਹਮਲਾ ਵੀ ਕਰ ਦਿੱਤਾ ਜਾਂਦਾ ਹੈ ਜਿਸ ਲਈ ਪੁਲੀਸ ਤੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਡੀ ਐੱਸ ਪੀ ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਵਿਭਾਗ ਵੱਲੋਂ ਸੁਰੱਖਿਆ ਦੀ ਮੰਗ ਕਰਨ ’ਤੇ ਤੁਰੰਤ ਪੁਲੀਸ ਫੋਰਸ ਭੇਜੀ ਜਾਵੇਗੀ।

Advertisement

ਸ਼ਾਮਲਾਟ ਜ਼ਮੀਨ ’ਚੋਂ ਮਿੱਟੀ ਚੋਰੀ ਕਰ ਕੇ ਵੇਚਣ ਵਾਲਾ ਕਾਬੂ

ਸ੍ਰੀ ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਪਿੰਡ ਸੈਂਪਲੀ ਵਿੱਚ ਸ਼ਾਮਲਾਟ ਜਮੀਨ ਵਿੱਚੋਂ ਕਥਿਤ ਤੌਰ ’ਤੇ ਮਾਈਨਿੰਗ ਕਰ ਕੇ ਮਿੱਟੀ ਚੋਰੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਪਿੰਡ ਵਾਸੀਆਂ ਨੇ ਜੇ ਸੀ ਬੀ ਮਸ਼ੀਨ ਸਮੇਤ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਜਾਣਕਾਰੀ ਮਿਲਣ ’ਤੇ ਐੱਸ ਐੱਚ ਓ ਬਡਾਲੀ ਆਲਾ ਸਿੰਘ ਹਰਕੀਰਤ ਸਿੰਘ ਅਤੇ ਮਾਈਨਿੰਗ ਵਿਭਾਗ ਦੇ ਰੋਹਿਤ ਕੁਮਾਰ ਜੇ ਈ ਮੌਕੇ ’ਤੇ ਪਹੁੰਚੇ। ਸਮਾਜਸੇਵੀ ਗੁਰਸੇਵਕ ਸਿੰਘ ਅਤੇ ਸਰਪੰਚ ਅਮਰਜੀਤ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਦਾ ਹੀ ਇੱਕ ਵਿਅਕਤੀ 3 ਸਾਲਾਂ ਤੋਂ ਪਿੰਡ ਸੈਂਪਲੀ ਦੀ 18 ਏਕੜ ਸ਼ਾਮਲਾਤ ਵਿੱਚੋਂ ਜੇਸੀਬੀ ਮਸ਼ੀਨ ਰਾਹੀਂ ਕਥਿਤ ਮਿੱਟੀ ਕੱਢ ਕੇ ਵੇਚ ਰਿਹਾ ਸੀ। ਪੰਚਾਇਤ ਵੱਲੋਂ ਮਤਾ ਪਾ ਕੇ ਬਲਾਕ ਵਿਕਾਸ ਪੰਚਾਇਤ ਦਫ਼ਤਰ ਖੇੜਾ ਵਿੱਚ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਸੀ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਉਨ੍ਹਾਂ ਦੇਖਿਆ ਕਿ ਇੱਕ ਜੇ ਸੀ ਬੀ ਮਸ਼ੀਨ ਤੇ ਤਿੰਨ ਚਾਰ ਟਰਾਲੀਆਂ ਰਾਹੀਂ ਮਿੱਟੀ ਚੁੱਕੀ ਜਾ ਰਹੀ ਸੀ, ਜਿਨ੍ਹਾਂ ਵਿੱਚੋਂ ਉਨ੍ਹਾਂ ਇੱਕ ਵਿਅਕਤੀ ਨੂੰ ਮਸ਼ੀਨ ਸਮੇਤ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਇਸ ਮੌਕੇ ਪੰਚ ਨਛੱਤਰ ਸਿੰਘ ਤੇ ਭਰਪੂਰ ਸਿੰਘ, ਸਮਾਜ ਸੇਵੀ ਤੇ ਸਾਬਕਾ ਮੈਂਬਰ ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਰਜਿੰਦਰ ਸਿੰਘ, ਚਰਨਜੀਤ ਸਿੰਘ, ਕੇਸਰ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ ਅਤੇ ਹਰਨੇਕ ਸਿੰਘ ਮੌਜੂਦ ਸਨ। ਜੇ ਈ ਰੋਹਿਤ ਕੁਮਾਰ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਜੇ ਸੀ ਬੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਥਾਣਾ ਬਡਾਲੀ ਆਾਲਾ ਸਿੰਘ ਦੇ ਐੱਸ ਐੱਚ ਓ ਹਰਕੀਰਤ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ ਦੀ ਜਾਂਚ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

Advertisement
Show comments