ਸੈਕਟਰ-38 ਵਿੱਚ ਨਾਜਾਇਜ਼ ਕਬਜ਼ੇ ਹਟਾਏ
ਚੰਡੀਗੜ੍ਹ ਵਿੱਚ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲੀਸ ਤੇ ਪ੍ਰਸ਼ਾਸਨ ਦੀ ਟੀਮ ਨੇ ਅੱਜ ਸਾਂਝੀ ਕਾਰਵਾਈ ਕਰਦਿਆਂ ਸੈਕਟਰ-38ਏ ਵਿੱਚ ਨਸ਼ਾ ਤਸਕਰਾਂ ਦਾ ਅੱਡਾ ਬਣੇ ਨਾਜਾਇਜ਼ ਕਬਜ਼ਿਆਂ ਨੂੰ ਢਾਹ ਦਿੱਤਾ। ਇਸ ਦੌਰਾਨ ਪੁਲੀਸ ਨੇ ਸੈਕਟਰ-38 ਏ ਸਥਿਤ ਘਰਾਂ ਅੱਗੇ ਦਰੱਖਤਾਂ ਦੇ ਚਾਰੇ ਪਾਸੇ ਬਣਾਏ ਚੌਂਤਰਿਆਂ ਨੂੰ ਵੀ ਹਟਾ ਦਿੱਤਾ। ਇਸ ਕਾਰਵਾਈ ਦੌਰਾਨ ਪੁਲੀਸ ਵੱਲੋਂ ਇੱਕ ਮੰਦਰ ਨੂੰ ਵੀ ਧਾਰਮਿਕ ਸਨਮਾਨ ਨਾਲ ਢਾਹਿਆ ਗਿਆ। ਇਹ ਕਾਰਵਾਈ ਥਾਣਾ ਸੈਕਟਰ-39 ਦੇ ਐੱਸਐੱਚਓ ਰਾਮ ਦਿਆਲ ਦੀ ਸਿਫਾਰਸ਼ਾਂ ’ਤੇ ਕੀਤੀ ਗਈ।
ਜਾਣਕਾਰੀ ਅਨੁਸਾਰ ਥਾਣਾ ਸੈਕਟਰ-39 ਦੇ ਐੱਸਐੱਚਓ ਰਾਮ ਦਿਆਲ ਵੱਲੋਂ ਪਿਛਲੇ ਦਿਨੀਂ ਸੈਕਟਰ-38 ਵਿੱਚ ਨਸ਼ਾ ਤਸਕਰਾਂ ’ਤੇ ਠੱਲ੍ਹ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਪੁਲੀਸ ਨੇ ਕਈ ਨਸ਼ਾ ਤਸਕਰਾਂ ਵਿਰੁੱਧ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਸੀ। ਇਸ ਦੇ ਨਾਲ ਹੀ ਇਲਾਕੇ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਟਿਕਾਣਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਸੈਕਟਰ-38 ਏ ਵਿੱਚ ਦਰੱਖਤਾਂ ਦੇ ਚਾਰੋਂ ਪਾਸੇ ਬੈਠਣ ਲਈ ਗੈਰ-ਕਾਨੂੰਨੀ ਢੰਗ ਨਾਲ ਚੌਂਤਰੇ ਬਣਾਏ ਗਏ ਸਨ। ਜਿੱਥੇ ਗੈਰ-ਸਮਾਜੀ ਅਨਸਰ ਬੈਠੇ ਰਹਿੰਦੇ ਹਨ ਅਤੇ ਉਹ ਹੀ ਨਸ਼ੀਲੇ ਪਦਾਰਥ ਸਪਲਾਈ ਕਰਦੇ ਸਨ। ਪੁਲੀਸ ਨੇ ਉਕਤ ਮਾਮਲੇ ਸਬੰਧੀ ਪ੍ਰਸ਼ਾਸਨ ਤੋਂ ਲਿਖਤੀ ਪ੍ਰਵਾਨਗੀ ਲੈਣ ਤੋਂ ਬਾਅਦ ਅੱਜ ਗੈਰ-ਕਾਨੂੰਨੀ ਢੰਗ ਨਾਲ ਕੀਤੇ ਇਨ੍ਹਾਂ ਕਬਜ਼ਿਆਂ ਨੂੰ ਹਟਾਇਆ ਹੈ। ਇਸ ਦੌਰਾਨ ਭਾਰੀ ਪੁਲੀਸ ਬਲ ਮੌਜੂਦ ਸੀ। ਥਾਣਾ ਸੈਕਟਰ-39 ਦੇ ਐੱਸਐੱਚਓ ਰਾਮ ਦਿਆਲ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਲਾਕੇ ਵਿੱਚ ਨਸ਼ਾ ਤਸਕਰਾਂ ਵੱਲੋਂ ਘਰਾਂ ਅੱਗੇ ਬਣੇ ਚੌਂਤਰਿਆਂ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਲਈ ਵਰਤਿਆ ਜਾ ਰਿਹਾ ਸੀ। ਪੁਲੀਸ ਦੇ ਆਉਣ ਦੀ ਸੂਚਨਾ ਮਿਲਦੇ ਹੀ ਉਹ ਫ਼ਰਾਰ ਹੋ ਜਾਂਦੇ ਸਨ।