ਸੈਕਟਰ 22 ਤੇ ਅਟਾਵਾ ’ਚੋਂ ਨਾਜਾਇਜ਼ ਕਬਜ਼ੇ ਹਟਾਏ
ਨਗਰ ਨਿਗਮ ਚੰਡੀਗੜ੍ਹ ਵੱਲੋਂ ਅੱਜ ਸੈਕਟਰ 22 ਦੇ ਬਾਹਰੀ ਖੇਤਰ ਅਤੇ ਪਿੰਡ ਅਟਾਵਾ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ ਗਈ ਤਾਂ ਕਿ ਜਨਤਕ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚੱਲਣਾ ਯਕੀਨੀ ਬਣਾਇਆ ਜਾ ਸਕੇ। ਨਿਗਮ ਦੀ ਇਸ ਕਾਰਵਾਈ ਦੌਰਾਨ ਐਨਫੋਰਸਮੈਂਟ ਟੀਮਾਂ ਨੇ ਜਨਤਕ ਥਾਵਾਂ ’ਤੇ ਅਣ-ਅਧਿਕਾਰਤ ਕਬਜ਼ੇ, ਬਿਨਾਂ ਇਜਾਜ਼ਤ ਦੇ ਕੰਮ ਕਰਨ ਵਾਲੇ ਸੜਕ ਕਿਨਾਰੇ ਵਿਕਰੇਤਾਵਾਂ ਅਤੇ ਰਸਤੇ ਵਿੱਚ ਰੁਕਾਵਟ ਪਾਉਣ ਵਾਲੇ ਗੈਰ-ਕਾਨੂੰਨੀ ਐਕਸਟੈਂਸ਼ਨਾਂ ਵਿਰੁੱਧ ਕਾਰਵਾਈ ਕੀਤੀ। ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਵਾਲੇ, ਵਿਅਕਤੀਗਤ ਉਲੰਘਣਾ ਕਰਨ ਵਾਲਿਆਂ ਤੇ ਅਦਾਰਿਆਂ ਨੂੰ ਕੁੱਲ 42 ਚਲਾਨ ਜਾਰੀ ਕੀਤੇ ਗਏ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਨਤਕ ਥਾਵਾਂ ਹਰੇਕ ਨਾਗਰਿਕ ਲਈ ਪਹੁੰਚਯੋਗ ਰਹਿਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਐਨਫੋਰਸਮੈਂਟ ਟੀਮਾਂ ਨੂੰ ਅਜਿਹੀਆਂ ਉਲੰਘਣਾਵਾਂ ਪ੍ਰਤੀ ‘ਬਿਲਕੁਲ ਬਰਦਾਸ਼ਤ ਨਹੀਂਂ’ ਦੀ ਨੀਤੀ ਅਪਨਾਉਣ ਅਤੇ ਨਿਯਮਿਤ ਤੌਰ ’ਤੇ ਅਜਿਹੀਆਂ ਮੁਹਿੰਮਾਂ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ। ਕਮਿਸ਼ਨਰ ਨੇ ਦੁਹਰਾਇਆ ਕਿ ਨਾਜਾਇਜ਼ ਕਬਜ਼ੇ ਨਾ ਸਿਰਫ਼ ਆਵਾਜਾਈ ਦੇ ਪ੍ਰਵਾਹ ਵਿੱਚ ਰੁਕਾਵਟ ਪਾਉਂਦੇ ਹਨ ਬਲਕਿ ਪੈਦਲ ਚੱਲਣ ਵਾਲਿਆਂ ਅਤੇ ਯਾਤਰੀਆਂ ਲਈ ਸੁਰੱਖਿਆ ਜ਼ੋਖਮ ਵੀ ਪੈਦਾ ਕਰਦੇ ਹਨ।
