ਕਲਾ ਉਤਸਵ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਸੂਬਾ ਪੱਧਰੀ ਕਲਾ ਉਤਸਵ-2025 ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਪੁੱਜੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਰਵਿੰਦ ਕੁਮਾਰ ਐਮ ਕੇ ਅਤੇ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਹਰਕੀਰਤ ਕੌਰ ਚਾਨੇ ਨੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਸਕੂਲ ਸਿੱਖਿਆ ਸੈਕੰਡਰੀ ਦੇ ਡਾਇਰੈਕਟਰ ਗੁਰਿੰਦਰ ਸਿੰਘ ਸੋਢੀ ਅਤੇ ਵਿਭਾਗ ਦੀ ਡਿਪਟੀ ਐੱਸ ਪੀ ਡੀ ਗੁਰਮੀਤ ਕੌਰ ਨੇ ਪਹਿਲੇ ਤਿੰਨ ਸਥਾਨਾਂ ਤੇ ਰਹੀਆਂ ਟੀਮਾਂ ਨੂੰ ਇਨਾਮ ਵੰਡੇ।
ਕਲਾ ਉਤਸਵ 2025 ਦੇ ਵੋਕਲ ਮਿਊਜ਼ਿਕ ਸੋਲੋ (ਸ਼ਾਸਤਰੀ) ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸੁਖਜਿੰਦਰ ਸਿੰਘ (ਡੀ ਏ ਵੀ ਸਕੂਲ ਬਟਾਲਾ) ਨੇ ਪਹਿਲਾ, ਵੋਕਲ ਮਿਊਜ਼ਿਕ ਗਰੁੱਪ ਦੇ ਦੇਸ਼ ਭਗਤੀ ਗੀਤ ’ਚ ਜ਼ਿਲ੍ਹਾ ਅੰਮ੍ਰਿਤਸਰ ਨੇ ਅਤੇ ਲੋਕ ਗੀਤ ’ਚ ਜ਼ਿਲ੍ਹਾ ਪਟਿਆਲਾ ਨੇ ਪਹਿਲੇ ਸਥਾਨ ਜਿੱਤੇ। ਇੰਸਟਰੂਮੈਂਟਲ ਮਿਊਜ਼ਿਕ ਆਰਕੈਸਟਰਾ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਕੂਲ ਆਫ ਐਮੀਨੈਂਸ ਫੀਲਖਾਨਾ ਫ਼ਸਟ, ਇੰਸਟਰੂਮੈਂਟਲ ਮਿਊਜ਼ਿਕ (ਮੈਲੋਡਿਕ) ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਾਰਥ ਸੋਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇੰਸਟਰੂਮੈਂਟਲ ਮਿਊਜ਼ਿਕ (ਪ੍ਰਕਿਯੂਸਿਵ) ਵਿੱਚ ਜ਼ਿਲ੍ਹਾ ਕਪੂਰਥਲਾ ਦੇ ਨਕੁਲ ਕੁਮਾਰ ਪਹਿਲਾ ਅਤੇ ਡਾਂਸ ਸੋਲੋ (ਸ਼ਾਸਤਰੀ ਨਾਚ) ਵਿੱਚ ਜ਼ਿਲ੍ਹਾ ਕਪੂਰਥਲਾ ਦੇ ਸਕੂਲ ਆਫ ਐਮੀਨੈਂਸ ਫਗਵਾੜਾ ਪਹਿਲੇ ਸਥਾਨ ’ਤੇ ਰਿਹਾ। ਡਾਂਸ ਗਰੁੱਪ (ਖੇਤਰੀ ਲੋਕ ਨਾਚ) ਵਿੱਚ ਜ਼ਿਲ੍ਹਾ ਮੁਹਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਜੇੜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਥੀਏਟਰ ਗਰੁੱਪ ’ਚ ਮਾਨਸਾ, ਰਵਾਇਤੀ ਕਹਾਣੀ ਕਲਾ ਗਰੁੱਪ ਵਿੱਚ ਜ਼ਿਲ੍ਹਾ ਪਟਿਆਲਾ ਦਾ ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸਕੂਲ ਸਨੌਰ ਪਹਿਲੇ ਸਥਾਨ ’ਤੇ ਰਿਹਾ। ਤਿੰਨ-ਪੱਖੀ ਮੂਰਤੀਕਲਾ ਵਿੱਚ ਜ਼ਿਲ੍ਹਾ ਫਾਜ਼ਿਲਕਾ ਦਾ ਪਵਨ ਅੱਵਲ ਰਿਹਾ। ਦ੍ਰਿਸ਼ ਕਲਾ ਗਰੁੱਪ ਵਿੱਚ ਸਥਾਨਕ ਖਿਡੌਣੇ, ਖੇਡਾਂ ਅਤੇ ਹੱਥ-ਕਲਾਵਾਂ ਵਿੱਚ ਫਾਜ਼ਿਲਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
