ਸ਼ਹੀਦ ਭਾਈ ਮਤੀ ਦਾਸ ਦੇ ਵਾਰਸਾਂ ਦਾ ਸਨਮਾਨ
ਪਿੰਡ ਖੇੜੀ ਸਲਾਬਤਪੁਰ ਦੇ ਗੁਰਦੁਆਰੇ ਵਿੱਚ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ। ਪਿੰਡ ਦੇ ਮਾਸਟਰ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਇੰਟਰਨੈਸ਼ਨਲ ਕੈਲੀਫੋਰਨੀਆ ਦੇ ਸਹਿਯੋਗ ਨਾਲ ਸਮੂਹ ਨਗਰ ਨਿਵਾਸੀਆਂ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਰਾਗੀ, ਢਾਡੀ ਅਤੇ ਕਥਾ ਵਾਚਕਾਂ ਨੇ ਗੁਰੂ ਤੇਗ ਬਹਾਦਰ ਅਤੇ ਹੋਰ ਸ਼ਹੀਦਾਂ ਦੀਆਂ ਸ਼ਹਾਦਤਾਂ ਬਾਰੇ ਸੰਗਤ ਨੂੰ ਦੱਸਿਆ। ਸਮਾਗਮ ਦੌਰਾਨ ਸ਼ਹੀਦ ਭਾਈ ਮਤੀ ਦਾਸ ਦੀ ਨੌਵੀਂ ਪੀੜ੍ਹੀ ’ਚੋਂ ਭਾਈ ਚਰਨਜੀਤ ਸਿੰਘ ਅਤੇ ਦਸਵੀਂ ਪੀੜ੍ਹੀ ਵਿੱਚੋਂ ਭਾਈ ਜਿਗਰਜੀਤ ਸਿੰਘ ਨੇ ਸਮੇਤ ਪਰਿਵਾਰ ਪਹੁੰਚ ਕੇ ਭਾਈ ਮਤੀ ਦਾਸ ਦੀਆਂ ਨਿਸ਼ਾਨੀਆਂ ਅਤੇ ਹੁਕਮਨਾਮਿਆਂ ਦੇ ਸੰਗਤਾਂ ਨੂੰ ਦਰਸ਼ਨ ਵੀ ਕਰਵਾਏ। ਉਪਰੰਤ ਪ੍ਰਬੰਧਕਾਂ ਵੱਲੋਂ ਭਾਈ ਮਤੀ ਦਾਸ ਦੇ ਵਾਰਸਾਂ ਅਤੇ ਸਮਾਗਮ ਵਿੱਚ ਪਹੁੰਚੀਆਂ ਹੋਈਆਂ ਹੋਰ ਸ਼ਖਸੀਅਤਾਂ ਦਾ ਸਿਰੋਪੇ ਅਤੇ ਸ੍ਰੀ ਗੁਰੂ ਨਾਨਕ ਦੇਵ ਯਾਦਗਾਰੀ ਪੁਰਾਤਨ ਸੋਨੇ ਦੇ ਸਿੱਕਿਆਂ ਨਾਲ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਭਾਈ ਗੁਰਮੁੱਖ ਸਿੰਘ, ਭਾਈ ਰਾਜਿੰਦਰ ਸਿੰਘ ਤੇ ਜਸਮੀਤ ਸਿੰਘ ਆਦਿ ਹਾਜ਼ਰ ਸਨ।
