ਚੀਨ ਵਿਚ ਸੋਨ ਤਗਮਾ ਜਿੱਤਣ ਵਾਲੀ ਹਰਨੂਰ ਦਾ ਸਨਮਾਨ
ਕੌਮਾਂਤਰੀ ਮੁੱਕੇਬਾਜ਼ੀ ਮੁਕਾਬਲੇ ਵਿਚ ਸੋਨ ਤਗਮਾ ਜਿੱਤ ਕੇ ਚੀਨ ਦੀ ਧਰਤੀ ’ਤੇ ਭਾਰਤ ਦਾ ਮਾਣ ਵਧਾਉਣ ਵਾਲੀ ਸ਼ਾਹਪੁਰ ਪਿੰਡ ਦੀ ਧੀ ਹਰਨੂਰ ਕੌਰ ਦਾ ਅੱਜ ਪਿੰਡ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ਵਿੱਚ ਇਨੈਲੋ ਬਲਾਕ ਪ੍ਰਧਾਨ ਅੰਕੁਰ ਸ਼ਰਮਾ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਸਨ। ਜਦੋਂ ਹਰਨੂਰ ਕੌਰ ਢੋਲ, ਆਤਿਸ਼ਬਾਜ਼ੀ ਅਤੇ ਫੁੱਲਾਂ ਦੀ ਵਰਖਾ ਵਿਚਕਾਰ ਪਿੰਡ ਪਹੁੰਚੀ ਤਾਂ ਮਾਹੌਲ ਦੇਸ਼ ਭਗਤੀ ਅਤੇ ਉਤਸ਼ਾਹ ਨਾਲ ਭਰ ਗਿਆ। ਬਲਾਕ ਪ੍ਰਧਾਨ ਅੰਕੁਰ ਚੌਧਰੀ ਨੇ ਕਿਹਾ ਕਿ ਹਰਨੂਰ ਕੌਰ ਨੇ ਨਾ ਸਿਰਫ਼ ਸ਼ਾਹਪੁਰ ਪਿੰਡ ਸਗੋਂ ਪੂਰੇ ਹਰਿਆਣਾ ਦਾ ਮਾਣ ਵਧਾਇਆ ਹੈ। ਇਹ ਧੀਆਂ ਦੀ ਤਾਕਤ ਅਤੇ ਸੰਘਰਸ਼ ਦੀ ਇੱਕ ਜਿਊਂਦੀ ਜਾਗਦੀ ਉਦਾਹਰਨ ਹੈ। ਆਉਣ ਵਾਲੀਆਂ ਪੀੜ੍ਹੀਆਂ ਹਰਨੂਰ ਤੋਂ ਪ੍ਰੇਰਨਾ ਲੈਣਗੀਆਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀਆਂ ਪ੍ਰਤਿਭਾਵਾਂ ਨੂੰ ਵਿਸ਼ੇਸ਼ ਸਨਮਾਨ ਅਤੇ ਉਤਸ਼ਾਹ ਦਿੱਤਾ ਜਾਵੇ ਤਾਂ ਜੋ ਭਵਿੱਖ ਵਿੱਚ ਉਹ ਓਲੰਪਿਕ ਵਰਗੇ ਵੱਡੇ ਮੰਚਾਂ ’ਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਮਾਣ ਵਧਾ ਸਕਣ। ਪਿੰਡ ਦੇ ਲੋਕਾਂ ਨੇ ਮਾਣ ਨਾਲ ਕਿਹਾ ਕਿ ਅੱਜ ਸ਼ਾਹਪੁਰ ਦੀ ਧੀ ਨੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਹਨ। ਇਸ ਮੌਕੇ ਹਰਜਿੰਦਰ ਸਿੰਘ, ਬਲਜੀਤ ਸਿੰਘ, ਕਰਨ ਸ਼ਰਮਾ, ਕਵੀਸ਼ ਧੀਮਾਨ, ਵੰਸ਼ਿਤ ਧੀਮਾਨ, ਦਲਜੀਤ ਸਿੰਘ, ਰਮਨ ਧੀਮਾਨ, ਰਾਜੀਵ ਅਰੋੜਾ ਸਣੇ ਬਹੁਤ ਸਾਰੇ ਲੋਕ ਮੌਜੂਦ ਸਨ ਅਤੇ ਸਾਰਿਆਂ ਨੇ ਹਰਨੂਰ ਕੌਰ ਨੂੰ ਵਧਾਈ ਦਿੱਤੀ।