ਸੁੱਖੂ ਸਰਕਾਰ ਦੇ ਕਾਰਜਕਾਲ ’ਚ ਹਿਮਾਚਲ ਪ੍ਰਦੇਸ਼ ਸਿਰ ਕਰਜ਼ਾ ਇਕ ਲੱਖ ਕਰੋੜ ਨੂੰ ਟੱਪਿਆ: ਜੈਰਾਮ ਠਾਕੁਰ
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸਮੇਂ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਨੇ ਹਿਮਾਚਲ ਪ੍ਰਦੇਸ਼ ਦੇ ਮਾੜੇ ਹਾਲਾਤ ਲਈ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ ਹਾਲਾਂਕਿ ਸੂਬੇ ਦੇ ਸਿਰ ਨਵਾਂ ਕਰਜ਼ਾ ਜ਼ਰੂਰ ਚੜ੍ਹਾਇਆ ਹੈ।
ਇਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ‘ਮੀਟ ਦਿ ਪ੍ਰੈੱਸ’ ਪ੍ਰੋਗਰਾਮ ਤਹਿਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਜੈ ਰਾਮ ਠਾਕੁਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਸਿਰ ਕਾਂਗਰਸ ਸਰਕਾਰ ਸਮੇਂ ਕਰਜ਼ਾ ਇਕ ਲੱਖ ਕਰੋੜ ਨੂੰ ਟੱਪ ਗਿਆ ਹੈ। ਇਸ ਵਿੱਚੋਂ 35 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਚੁੱਕਿਆ ਹੈ। ਇਸ ਤੋਂ ਸਪਸ਼ਟ ਹੈ ਕਿ ਕਾਂਗਰਸ ਪਾਰਟੀ ਕੋਲ ਕੋਈ ਦੂਰਦ੍ਰਿਸ਼ਟੀ ਨਹੀਂ ਹੈ।
ਜੈਰਾਮ ਠਾਕੁਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਸਾਲ 2023 ਅਤੇ 2025 ਵਿੱਚ ਹੜ੍ਹਾਂ ਕਰਕੇ ਬਹੁਤ ਨੁਕਸਾਨ ਹੋਇਆ ਹੈ। ਇਸ ਦੌਰਾਨ ਵੀ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਲੋਕਾਂ ਦੇ ਮੁੜਵਸੇਬੇ ਲਈ ਕੋਈ ਠੋਸ ਕੰਮ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਪ੍ਰਭਾਵਿਤ ਸੂਬੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦਾ ਦੌਰਾ ਕੀਤਾ ਅਤੇ ਹਿਮਾਚਲ ਪ੍ਰਦੇਸ਼ ਨੂੰ 1500 ਕਰੋੜ ਅਤੇ ਪੰਜਾਬ ਨੂੰ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਬੀਬੀਐਮਬੀ ਵਿੱਚ ਸਥਾਈ ਮੈਂਬਰਸ਼ਿਪ ਹਿਮਾਚਲ ਦਾ ਅਧਿਕਾਰ ਹੈ। ਇਹ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਕਾਨੂੰਨੀ ਅੜਿੱਕਿਆਂ ਵਿੱਚ ਫਸਿਆ ਹੋਇਆ ਹੈ ਪਰ ਹਿਮਾਚਲ ਪ੍ਰਦੇਸ਼ ਨੂੰ ਉਸ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਜੈਰਾਮ ਠਾਕੁਰ ਨੇ ਕਿਹਾ ਕਿ ਬੀਬੀਐਮਬੀ ਵਿੱਚ ਸਥਾਈ ਮੈਂਬਰਸ਼ਿਪ ਦਾ ਪੰਜਾਬ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ।
