ਹਿਮਾਚਲੀ ਕਲਾਕਾਰਾਂ ਨੇ ਰੌਣਕਾਂ ਲਾਈਆਂ
ਇੱਥੇ ਕਲਾਗ੍ਰਾਮ ਵਿੱਚ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ, ਪਟਿਆਲਾ ਅਤੇ ਚੰਡੀਗੜ੍ਹ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਾਂਝੇ ਸਹਿਯੋਗ ਹੇਠ ਚੱਲ ਰਹੇ 15ਵੇਂ ਚੰਡੀਗੜ੍ਹ ਕੌਮੀ ਸਿਲਪ ਮੇਲੇ ਵਿੱਚ ਅੱਜ ਹਿਮਾਚਲੀ ਸੰਸਕ੍ਰਿਤੀ ਦੀਆਂ ਝਲਕਾਂ ਦਿਖਾਈ ਦਿੱਤੀਆਂ।
ਪੰਡਿਤ ਖੁਸ਼ਬੂ ਭਾਰਦਵਾਜ ਕੁੱਲਵੀ ਅਤੇ ਇੰਡੀਅਨ ਆਈਡਲ ਰਨਰ-ਅੱਪ ਸੀਜ਼ਨ-2 ਦੇ ਬੌਲੀਵੁੱਡ ਗਾਇਕ ਅਤੇ ਕਲਾਕਾਰ ਅਨੁਜ ਸ਼ਰਮਾ ਨੇ ਬੌਲੀਵੁੱਡ, ਪਹਾੜੀ ਤੇ ਹਿੰਦੀ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਨ੍ਹਾਂ ਨੌਜਵਾਨ ਗਾਇਕਾਂ ਨੇ ਮੰਗਲਵਾਰ ਸ਼ਾਮ ਸਮੇਂ ਕਲਾਗ੍ਰਾਮ ਨੂੰ ਹਿਮਾਚਲ ਦੇ ਲੋਕ ਸੱਭਿਆਚਾਰ ਦੀ ਖੁਸ਼ਬੂ ਨਾਲ ਭਰ ਦਿੱਤਾ। ਖੁਸ਼ਬੂ ਅਤੇ ਅਨੁਜ ਸ਼ਰਮਾ ਨੇ ਆਪਣੇ ਪ੍ਰਦਰਸ਼ਨ ਨਾਲ ਸੰਗੀਤ ਪ੍ਰੇਮੀਆਂ, ਖ਼ਾਸ ਕਰ ਕੇ ਨੌਜਵਾਨਾਂ ਦੇ ਦਿਲਾਂ ਨੂੰ ਛੂਹ ਲਿਆ। ਪੰਡਿਤ ਖੁਸ਼ਬੂ ਭਾਰਦਵਾਜ ਨੇ ਆਪਣੇ ਕੁੱਲਵੀ ਗੀਤਾਂ ਅਤੇ ਨਾਟਕਾਂ ਰਾਹੀਂ ਸੰਗੀਤ ਪ੍ਰੇਮੀਆਂ ਨੂੰ ਉੱਚੀਆਂ ਬਰਫ਼ ਦੀਆਂ ਚੋਟੀਆਂ ਤੇ ਸੈਲਾਨੀ ਸ਼ਹਿਰਾਂ ਮਨਾਲੀ, ਸ਼ਿਮਲਾ ਅਤੇ ਧਰਮਸ਼ਾਲਾ ਦੇ ਮਾਹੌਲ ਨਾਲ ਜਾਣੂ ਕਰਵਾਇਆ। ਸ਼ਾਮ ਨੂੰ ਸੀਨੀਅਰ ਹਿਮਾਚਲ ਐਂਕਰ ਅਤੇ ਸੱਭਿਆਚਾਰਕ ਕਾਰਕੁਨ ਕੁਲਦੀਪ ਗੁਲੇਰੀਆ, ਗੋਗੀ ਆਰਕੈਸਟਰਾ ਬੈਂਡ ਅਤੇ ਹਿਮਾਚਲੀ ਡਾਂਸ ਗਰੁੱਪ ਦੇ ਪ੍ਰਦਰਸ਼ਨ ਵੀ ਕੀਤੇ ਗਏ।
ਕਾਲਾਗ੍ਰਾਮ ਵਿੱਚ ਸ਼ਿਲਪਕਾਰੀ ਮੇਲੇ ਦੇ ਸਟਾਲਾਂ ’ਤੇ ਦੇਸ਼ ਭਰ ਤੋਂ ਕਾਰੀਗਰਾਂ ਦੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੈਲਾਨੀ ਖ਼ਰੀਦਦਾਰੀ ਕਰਨ ਲਈ ਇਨ੍ਹਾਂ ਸਟਾਲਾਂ ’ਤੇ ਆ ਰਹੇ ਹਨ। ਲੁਧਿਆਣਾ ਤੋਂ ਆਏ ਗੁਰਦਿਆਲ ਸਿੰਘ ਨੇ ਕਿਹਾ ਕਿ ਕਾਰੀਗਰਾਂ ਦੇ ਹੱਥ ਨਾਲ ਬਣੇ ਉਤਪਾਦਾਂ ਦੀ ਗੁਣਵੱਤਾ ਅਤੇ ਸੁੰਦਰਤਾ ਸ਼ਾਨਦਾਰ ਹੈ। ਪੰਚਕੂਲਾ ਤੋਂ ਆਈ ਹਰਮਨ ਕੌਰ ਨੇ ਕਿਹਾ ਕਿ ਇੱਥੇ ਖ਼ਰੀਦਦਾਰੀ ਨਾ ਸਿਰਫ਼ ਚੰਗੇ ਉਤਪਾਦਾਂ ਦੀ ਗਾਰੰਟੀ ਦਿੰਦੀ ਹੈ ਬਲਕਿ ਕਾਰੀਗਰਾਂ ਨੂੰ ਉਤਸ਼ਾਹਿਤ ਵੀ ਕਰਦੀ ਹੈ।
