ਮਾਧੋਪੁਰ ਦੇ ਫਲੱਡ ਗੇਟ ਟੁੱਟਣ ਦੀ ਉਚ ਪੱਧਰੀ ਜਾਂਚ ਦੇ ਹੁਕਮ; ਤਿੰਨ ਅਧਿਕਾਰੀ ਮੁਅੱਤਲ ਕੀਤੇ
ਪੰਜਾਬ ਸਰਕਾਰ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਹੜ੍ਹਾਂ ਦੌਰਾਨ ਮਾਧੋਪੁਰ ਹੈਡ ਵਰਕਸ ਦੇ ਤਿੰਨ ਫਲੱਡ ਗੇਟਾਂ ਦੇ ਟੁੱਟਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਸਟੇਟ ਡੈਮ ਸੇਫਟੀ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ 5 ਮੈਂਬਰੀ ਮਾਹਰਾਂ ਦੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਕਮੇਟੀ ਦੇ ਚੇਅਰਮੈਨ ਏ ਕੇ ਬਜਾਜ ਹੋਣਗੇ ਜਦੋਂ ਕਿ ਪ੍ਰਦੀਪ ਕੁਮਾਰ ਗੁਪਤਾ, ਸੰਜੀਵ ਸੂਰੀ, ਐਨ ਕੇ ਜੈਨ ਅਤੇ ਵਿਆਸ ਦੇਵ ਮੈਂਬਰ ਹੋਣਗੇ। ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਕਮੇਟੀ ਦੇ ਗਠਨ ਤੋ ਪਹਿਲਾਂ ਤਿੰਨ ਅਧਿਕਾਰੀ ਅਤੇ ਮੁਲਾਜ਼ਮ ਸਸਪੈਂਡ ਕਰ ਦਿੱਤੇ ਹਨ ਤਾਂ ਕਿ ਜਾਂਚ ’ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਾ ਪਵੇ। ਜਲ ਸਰੋਤ ਵਿਭਾਗ ਨੇ ਗੁਰਦਾਸਪੁਰ ਦੇ ਐਕਸੀਅਨ ਨਿਤਿਨ ਸੂਦ, ਐਸ ਡੀ ਓ ਅਰੁਣ ਕੁਮਾਰ ਅਤੇ ਜੇ ਈ ਸਚਿਨ ਠਾਕੁਰ ਨੂੰ ਮੁਅੱਤਲ ਕੀਤਾ ਹੈ। ਚੇਤੇ ਰਹੇ ਕਿ 27 ਅਗਸਤ ਨੂੰ ਰਵੀ ਦਰਿਆ ਵਿਚ ਇਕਦਮ ਪਾਣੀ ਆਉਣ ਨਾਲ ਮਾਧੋਪੁਰ ਹੈਡ ਵਰਕਸ ਦੇ ਤਿੰਨ ਫਲੱਡ ਗੇਟ ਟੁੱਟ ਗਏ ਸਨ। ਗੇਟ ਟੁੱਟਣ ਮੌਕੇ ਇੱਕ ਮੁਲਾਜ਼ਮ ਵੀ ਪਾਣੀ ਵਿਚ ਰੁੜ੍ਹ ਗਿਆ ਸੀ।