ਹਾਈ ਕੋਰਟ ਵੱਲੋਂ ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਦੀ ਸਜ਼ਾ ਮੁਅੱਤਲ
High Court suspends Satlok Ashram head Rampal’s sentenceਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਤਲੋਕ ਆਸ਼ਰਮ ਦੇ ਸੱਤਰ ਸਾਲਾ ਪ੍ਰਚਾਰਕ ਰਾਮਪਾਲ ਨੂੰ ਉਸ ਦੇ ਪੰਜ ਚੇਲਿਆਂ ਦੀ ਮੌਤ ਨਾਲ ਸਬੰਧਤ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਲਗਪਗ ਸੱਤ ਸਾਲ ਬਾਅਦ ਉਸ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ ਉਸ ਦੀ ਉਮਰ ਅਤੇ ਹਿਰਾਸਤ ਦੀ ਮਿਆਦ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤਾ।
ਅਦਾਲਤ ਨੇ ਕਿਹਾ ਕਿ ਇਸ ਵੇਲੇ ਅਪੀਲਕਰਤਾ ਦੀ ਉਮਰ ਲਗਪਗ 74 ਸਾਲ ਹੈ ਅਤੇ ਉਸ ਨੇ 10 ਸਾਲ, ਅੱਠ ਮਹੀਨੇ ਅਤੇ 21 ਦਿਨ ਦੀ ਸਜ਼ਾ ਕੱਟ ਲਈ ਹੈ। ਇਹ ਹੁਕਮ ਜਸਟਿਸ ਗੁਰਵਿੰਦਰ ਸਿੰਘ ਗਿੱਲ ਅਤੇ ਜਸਟਿਸ ਦੀਪਿੰਦਰ ਸਿੰਘ ਨਲਵਾ ਦੇ ਬੈਂਚ ਨੇ ਸੁਣਾਉਂਦਿਆਂ ਕਿਹਾ, ‘ਅਸੀਂ ਮੁੱਖ ਅਪੀਲ ਦੇ ਲੰਬਿਤ ਹੋਣ ਦੌਰਾਨ ਅਪੀਲਕਰਤਾ ਦੀ ਸਜ਼ਾ ਨੂੰ ਮੁਅੱਤਲ ਕਰਨ ਲਈ ਇਸ ਨੂੰ ਢੁਕਵਾਂ ਕੇਸ ਸਮਝਦੇ ਹਾਂ।’
ਸਤਲੋਕ ਆਸ਼ਰਮ ਦੇ ਮੁਖੀ ਦੀ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਬੈਂਚ ਨੇ ਉਸ ਨੂੰ ਕਿਸੇ ਵੀ ਭੀੜ ਵਾਲੇ ਸਮਾਗਮ ਵਿਚ ਸ਼ਾਮਲ ਨਾ ਹੋਣ ਲਈ ਕਿਹਾ। ਅਦਾਲਤ ਨੇ ਕਿਹਾ ਕਿ ਉਹ ਅਜਿਹੇ ਸਮਾਗਮਾਂ ਵਿਚ ਸ਼ਾਮਲ ਨਾ ਹੋਣ ਤੇ ਜਿੱਥੇ ਅਮਨ ਕਾਨੂੰਨ ਅਤੇ ਵਿਵਸਥਾ ਨੂੰ ਭੰਗ ਕਰਨ ਦੀ ਕਿਸੇ ਵੀ ਕਿਸਮ ਦੀ ਪ੍ਰਵਿਰਤੀ ਹੋਵੇ।