ਹਾਈਕੋਰਟ ਵਲੋਂ ਮਾਣਹਾਨੀ ਮਾਮਲੇ ਨੂੰ ਚੁਣੌਤੀ ਦੇਣ ਵਾਲੀ ਕੰਗਨਾ ਰਣੌਤ ਦੀ ਪਟੀਸ਼ਨ ਰੱਦ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਇੱਕ ਮਾਣਹਾਨੀ ਮਾਮਲੇ ਨੂੰ ਚੁਣੌਤੀ ਦੇਣ ਵਾਲੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਹਾਈਕੋਰਟ ਵਲੋਂ ਪਟੀਸ਼ਨ ਖ਼ਾਰਜ਼ ਹੋਣ ਨਾਲ ਕੰਗਨਾ ਰਣੌਤ ਖ਼ਿਲਾਫ਼ ਬਠਿੰਡਾ ਦੀ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਕੇਸ ਲਈ ਰਾਹ ਪੱਧਰਾ ਹੋ ਗਿਆ ਹੈ।
ਦੱਸਣਯੋਗ ਹੈ ਕਿ ਜਦੋਂ ਕੇਂਦਰ ਸਰਕਾਰ ਖ਼ਿਲਾਫ਼ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ’ਤੇ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵੇਲੇ ਕੰਗਨਾ ਰਣੌਤ ਨੇ ਇੱਕ ਬਜ਼ੁਰਗ ਮਾਈ ’ਤੇ ਟਿੱਪਣੀ ਕਰਦਿਆਂ ਉਸਨੂੰ ਭਾੜੇ ਦੀ ਔਰਤ ਦੱਸਿਆ ਸੀ।
ਬਠਿੰਡਾ ਜ਼ਿਲ੍ਹਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਮਾਈ ਮਹਿੰਦਰ ਕੌਰ ਨੇ 5 ਜਨਵਰੀ 2021 ਨੂੰ ਬਠਿੰਡਾ ਦੀ ਅਦਾਲਤ ਵਿੱਚ ਧਾਰਾ 499,500 ਤਹਿਤ ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਦੇ ਕੇਸ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ,ਜਿਸਨੂੰ ਕੰਗਨਾ ਰਣੌਤ ਨੇ ਹਾਈਕੋਰਟ ਵਿੱਚ ਚੁਣੌਤੀ ਦੇ ਦਿੱਤੀ ਸੀ। ਹਾਈਕੋਰਟ ਨੇ ਬਠਿੰਡਾ ਅਦਾਲਤ ਵਿੱਚ ਚੱਲ ਰਿਹਾ ਇਹ ਕੇਸ ਸਟੇਅ ਕਰ ਦਿੱਤਾ ਸੀ।
ਅੱਜ ਹਾਈਕੋਰਟ ਨੇ ਕੰਗਨਾ ਰਣੌਤ ਦੀ ਪਟੀਸ਼ਨ ਨੂੰ ਰੱਦ ਕਰਕੇ ਬਠਿੰਡਾ ਅਦਾਲਤ ਦੇ ਕੇਸ ਲਈ ਰਾਹ ਪੱਧਰਾ ਕਰ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਬਠਿੰਡਾ ਅਦਾਲਤ ਦੀ ਜ਼ੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿੱਚ 11 ਅਗਸਤ ਨੂੰ ਹੋਵੇਗੀ।