ਏਅਰਪੋਰਟ ਰੋਡ ’ਤੇ ਸਵੇਰੇ-ਸ਼ਾਮ ਭਾਰੀ ਵਾਹਨਾਂ ਦੀ ਆਵਾਜਾਈ ਬੰਦ
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਹ ਪਾਬੰਦੀ ਏਅਰਪੋਰਟ ਰੋਡ ਦੇ ਸੈਕਟਰ 66/82 ਜੰਕਸ਼ਨ ਤੋਂ ਲੈ ਕੇ ਏਅਰਪੋਰਟ ਦੇ ਗੋਲ ਚੱਕਰ ਤੱਕ ਲਾਗੂ ਹੋਵੇਗੀ। ਉਨ੍ਹਾਂ ਦੱਸਿਆ ਕਿ ਏਅਰਪੋਰਟ ਤੇ ਸਵੇਰ-ਸ਼ਾਮ ਸਮੇਂ ਭਾਰੀ ਟਰੈਫ਼ਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਅਸੁਵਿਧਾ ਹੁੰਦੀ ਹੈ ਅਤੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ, ਜਿਸ ਕਾਰਨ ਹਾਦਸਿਆਂ ਦਾ ਖਤਰਾ ਵੀ ਵੱਧ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਹਾਲੀ, ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਵਿਚਕਾਰ ਇਹ ਮਾਰਗ ਪ੍ਰਮੁੱਖ ਲਿੰਕ ਹੋਣ ਕਾਰਨ ਇੱਥੋਂ ਵੱਡੀ ਤਾਦਾਦ ਵਿੱਚ ਆਮ ਰਾਹਗੀਰਾਂ ਤੋਂ ਇਲਾਵਾ ਸਕੂਲੀ ਬੱਸਾਂ ਤੇ ਹੋਰ ਵਾਹਨ ਵੀ ਲੰਘਦੇ ਹਨ। ਉਨ੍ਹਾਂ ਸੁਰੱਖਿਅਤ ਲਾਂਘਾ ਪ੍ਰਧਾਨ ਕਰਨ ਲਈ ਹੀ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਾਬੰਦੀ ਮੋਟਰ ਵਾਹਨ ਐਕਟ, 1988 ਦੀ ਧਾਰਾ 115 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023(ਬੀਐੱਨਐਸਐੱਸ) ਦੀ ਧਾਰਾ 163 ਦੁਆਰਾ ਜ਼ਿਲ੍ਹਾ ਮੈਜਿਸਟਰੇਟ ਨੂੰ ਪ੍ਰਾਪਤ ਸ਼ਕਤੀਆਂ ਅਧੀਨ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ ਚਾਰ ਅਗਸਤ ਤੋਂ ਲਾਗੂ ਹੋਣਗੇ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।
ਭਾਰੀ ਵਾਹਨਾਂ ਵਿਚ ਕੀ ਹੋਵੇਗਾ ਸ਼ਾਮਲ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰੀ ਵਾਹਨਾਂ ਵਿਚ ਟਰੱਕ, ਲਾਰੀਆਂ, ਮਲਟੀ ਐਕਸਲ ਮਾਲ ਕੈਰੀਅਰ ਅਤੇ ਨਿਰਮਾਣ ਉਪਕਰਣ ਟਰਾਂਸਪੋਰਟਰ ਸ਼ਾਮਿਲ ਹੋਣਗੇ।ਉਨ੍ਹਾਂ ਦੱਸਿਆ ਕਿ ਐਮਰਜੈਂਸੀ ਵਾਹਨਾਂ, ਐਂਬੂਲੈਂਸਾਂ,ਫ਼ਾਇਰ ਬ੍ਰਿਗੇਡ, ਪੁਲੀਸ ਅਤੇ ਆਫ਼ਤ ਪ੍ਰਬੰਧਨ ਵਾਹਨ, ਨਾਸ਼ਾਵਨ ਜਾਂ ਜ਼ਰੂਰੀ ਵਸਤੂਆਂ ਦੁੱਧ, ਪੀਣ ਵਾਲਾ ਪਾਣੀ, ਡਾਕਟਰੀ ਸਪਲਾਈ ਦੀ ਢੋਆ-ਢੁਆਈ ਕਰਨ ਵਾਲੇ ਵਾਹਨ, ਜ਼ਰੂਰੀ ਡਿਊਟੀ ਤੇ ਨਗਰ ਨਿਗਮ ਅਤੇ ਸਰਕਾਰੀ ਜਨਤਕ ਵਾਹਨਾਂ ਨੂੰ ਇਸ ਪਾਬੰਦੀ ਤੋਂ ਛੋਟ ਹੋਵੇਗੀ।