Heat wave in Punjab: ਪੰਜਾਬ ’ਚ ਗਰਮੀ ਦੀ ਮਾਰ ਦੌਰਾਨ ਮੌਸਮ ਵਿਭਾਗ ਵੱਲੋਂ 12-13 ਜੂਨ ਲਈ Red Alert ਜਾਰੀ
ਬਠਿੰਡਾ ਬਣਿਆ ਸੂਬੇ ਦਾ ਸਭ ਤੋਂ ਗਰਮ ਸਥਾਨ, ਜਿੱਥੇ ਪਾਰਾ 47.6 ਡਿਗਰੀ ਸੈਲਸੀਅਸ ਨੂੰ ਪੁੱਜਿਆ
ਵਿਜੇ ਮੋਹਨ
ਚੰਡੀਗੜ੍ਹ, 11 ਜੂਨ
ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਅਤੇ ਕੁਝ ਥਾਵਾਂ 'ਤੇ ਗਰਮੀ ਦੀ ਲਹਿਰ ਦਾ ਸਾਹਮਣਾ ਕਰਨ ਦੇ ਨਾਲ, ਮੌਸਮ ਵਿਭਾਗ ਨੇ 12 ਅਤੇ 13 ਜੂਨ ਲਈ ਸੂਬੇ ਵਾਸਤੇ 'ਰੈੱਡ ਅਲਰਟ' ਜਾਰੀ ਕੀਤਾ ਹੈ ਅਤੇ ਜਨਤਾ ਨੂੰ ਗਰਮੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਖ਼ਬਰਦਾਰ ਰਹਿਣ ਦੀ ਸਲਾਹ ਦਿੱਤੀ ਹੈ।
ਭਾਰਤੀ ਮੌਸਮ ਵਿਭਾਗ (India Meteorological Department - IMD) ਵੱਲੋਂ 11 ਜੂਨ ਨੂੰ ਜਾਰੀ ਕੀਤੇ ਗਏ ਇੱਕ ਬੁਲੇਟਿਨ ਵਿਚ ਉੱਤਰ-ਪੱਛਮੀ ਭਾਰਤ, ਜਿਸ ਵਿੱਚ ਪੱਛਮੀ ਹਿਮਾਲੀਆਈ ਖੇਤਰ ਵੀ ਸ਼ਾਮਲ ਹੈ, ਸਬੰਧੀ ਮੌਸਮ ਪੱਖੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਮੁਤਾਬਕ ਖ਼ਿੱਤੇ ਵਿਚ ਗਰਮੀ ਦੀ ਲਹਿਰ ਤੋਂ ਲੈ ਕੇ ਗੰਭੀਰ ਗਰਮੀ ਦੀ ਲਹਿਰ ਦੀਆਂ ਸਥਿਤੀਆਂ 13 ਜੂਨ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ ਘੱਟ ਹੋਣੇ ਆਸਾਰ ਹਨ।
ਹਿਮਾਚਲ ਪ੍ਰਦੇਸ਼ ਵਿੱਚ 12 ਤੋਂ 17 ਜੂਨ ਦੌਰਾਨ ਅਤੇ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ 13 ਤੋਂ 17 ਜੂਨ ਦੌਰਾਨ ਗਰਜ, ਬਿਜਲੀ ਅਤੇ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਦੌਰਾਨ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 6.5 ਡਿਗਰੀ ਸੈਲਸੀਅਸ ਤੱਕ ਵਧ ਰਿਹਾ।
ਸੂਬੇ ਦੇ ਸਾਰੇ ਦੱਖਣੀ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਭਟਿੰਡਾ, ਬਰਨਾਲਾ, ਮਾਨਸਾ, ਰੂਪਨਗਰ, ਐਸਏਐਸ ਨਗਰ (ਮੁਹਾਲੀ) ਅਤੇ ਸੰਗਰੂਰ ਜ਼ਿਲ੍ਹਿਆਂ ਦੇ ਕੁਝ ਹਿੱਸੇ ਸ਼ਾਮਲ ਹਨ, ਵਿੱਚ ਤਾਪਮਾਨ ਇਹ ਆਮ ਨਾਲੋਂ 4.4 ਡਿਗਰੀ ਸੈਲਸੀਅਸ ਤੱਕ ਵੱਧ ਸੀ।
ਇਸ ਸਮੇਂ ਦੌਰਾਨ, ਬਠਿੰਡਾ ਦਿਨ ਦਾ ਸਭ ਤੋਂ ਗਰਮ ਅਤੇ ਰਾਤ ਨੂੰ ਸਭ ਤੋਂ ਠੰਡਾ ਸਥਾਨ ਰਿਹਾ। ਪੰਜਾਬ ਵਿੱਚ ਬਠਿੰਡਾ ’ਚ ਸਭ ਤੋਂ ਵੱਧ ਵੱਧ ਤਾਪਮਾਨ 47.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 26.6 ਡਿਗਰੀ ਸੈਲਸੀਅਸ ਰਿਹਾ।