ਸਿਹਤ ਸਕੱਤਰ ਵੱਲੋਂ ਹਸਪਤਾਲ ਦਾ ਦੌਰਾ
ਗ੍ਰਹਿ ਸਕੱਤਰ-ਕਮ-ਸਕੱਤਰ ਸਿਹਤ ਮਨਦੀਪ ਸਿੰਘ ਬਰਾੜ ਆਈ.ਏ.ਐੱਸ. ਵੱਲੋਂ ਅੱਜ ਗੌਰਮਿੰਟ ਮਲਟੀ ਸਪੈਸ਼ਲਿਟੀ ਹਸਪਤਾਲ (ਜੀ.ਐੱਮ.ਐੱਸ.ਐੱਚ.) ਸੈਕਟਰ 16 ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਕੰਮਕਾਜ ਤੇ ਨਾਗਰਿਕਾਂ ਨੂੰ ਮਿਲ ਰਹੀਆਂ ਸਿਹਤ ਸੰਭਾਲ਼ ਸੇਵਾਵਾਂ ਬਾਰੇ ਜਾਇਜ਼ਾ ਲਿਆ।
ਸਿਹਤ ਸਕੱਤਰ ਨੇ ਐਮਰਜੈਂਸੀ ਅਤੇ ਟਰਾਮਾ ਸੈਕਸ਼ਨਾਂ ਤੋਂ ਸ਼ੁਰੂ ਹੋ ਕੇ ਬਾਹਰੀ ਰੋਗ ਵਿਭਾਗ (ਓ.ਪੀ.ਡੀ.) ਅਤੇ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਤੱਕ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਹਸਪਤਾਲ ਦੇ ਰੋਜ਼ਾਨਾ ਕਾਰਜਾਂ ਦੀ ਪ੍ਰਤੱਖ ਜਾਣਕਾਰੀ ਪ੍ਰਾਪਤ ਕਰਨ ਲਈ ਡਾਕਟਰਾਂ, ਮੈਡੀਕਲ ਸਟਾਫ਼ ਅਤੇ ਮਰੀਜ਼ਾਂ ਨਾਲ ਵਿਆਪਕ ਤੌਰ ’ਤੇ ਗੱਲਬਾਤ ਕੀਤੀ।
ਉਨ੍ਹਾਂ ਕਈ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਐਮਰਜੈਂਸੀ ਵਿਭਾਗ ਵਿੱਚ ਮਰੀਜ਼ਾਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਸ੍ਰੀ ਬਰਾੜ ਨੇ ਹਸਪਤਾਲ ਅਧਿਕਾਰੀਆਂ ਨੂੰ ਤੇਜ਼ ਪ੍ਰਕਿਰਿਆ ਅਤੇ ਸੁਚਾਰੂ ਮਰੀਜ਼ ਪ੍ਰਬੰਧਨ ਯਕੀਨੀ ਬਣਾਉਣ ਲਈ ਰਜਿਸਟ੍ਰੇਸ਼ਨ ਕਾਊਂਟਰਾਂ ਦੀ ਸੰਖਿਆ ਵਧਾਉਣ ਦੇ ਨਿਰਦੇਸ਼ ਦਿੱਤੇ।
ਸਿਹਤ ਸਕੱਤਰ ਨੇ ਹੈਲਥ ਕੇਅਰ ਡਲਿਵਰੀ ਨੂੰ ਬਿਹਤਰ ਬਣਾਉਣ ਲਈ ਕਈ ਮਹੱਤਵਪੂਰਨ ਸੁਝਾਅ ਵੀ ਦਿੱਤੇ, ਜਿਨ੍ਹਾਂ ਵਿੱਚ ਅੰਤਰ-ਵਿਭਾਗੀ ਤਾਲਮੇਲ ਵਿੱਚ ਸੁਧਾਰ, ਬਿਹਤਰ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਅਤੇ ਮੈਡੀਕਲ ਬੁਨਿਆਦੀ ਢਾਂਚੇ ਦਾ ਨਿਯਮਿਤ ਰੱਖ-ਰਖਾਅ ਸ਼ਾਮਲ ਹੈ। ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਸੁਮਨ ਸਿੰਘ ਸਣੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ। ਟੀਮ ਨੇ ਉਨ੍ਹਾਂ ਭਰੋਸਾ ਦਿੱਤਾ ਕਿ ਜ਼ਰੂਰੀ ਯਤਨ ਤੁਰੰਤ ਲਾਗੂ ਕੀਤੇ ਜਾਣਗੇ।
