ਸਿਹਤ ਮੰਤਰੀ ਨੇ ਏਡਜ਼ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਵਾਈ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਕੌਮਾਂਤਰੀ ਯੁਵਕ ਦਿਵਸ ਮੌਕੇ ਐੱਚਆਈਵੀ/ਏਡਜ਼ ਬਾਰੇ ਜਾਗਰੂਕਤਾ ਸਬੰਧੀ ‘ਇੰਟੇਂਸੀਫਾਈਡ ਆਈਈਸੀ ਮੁਹਿੰਮ’ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਸੂਬੇ ਭਰ ’ਚ 12 ਅਕਤੂਬਰ ਤੱਕ ਚਲਾਈ ਜਾਵੇਗੀ। ਇਸ ਮੌਕੇ ਮੰਤਰੀ ਨੇ ਜਾਗਰੂਕਤਾ ਰੈਲੀ ਨੂੰ ਰਵਾਨਾ ਕੀਤਾ।ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਮਿਲ ਕੇ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਸਕੂਲਾਂ ਅਤੇ ਕਾਲਜ ਤੱਕ ਪਹੁੰਚ ਕੇ ਲੋਕਾਂ ਨੂੰ ਐੱਚਆਈਵੀ ਬਾਰੇ ਜਾਣਕਾਰੀ ਦੇਣਗੀਆਂ। ਇਸ ਮੁਹਿੰਮ ਅਧੀਨ 6567 ਸਕੂਲਾਂ ਅਤੇ 725 ਕਾਲਜਾਂ ਵਿੱਚ ਪ੍ਰੋਗਰਾਮ ਕੀਤੇ ਜਾਣਗੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ 36 ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ, ਜਿਨਾਂ ਵਿੱਚ ਇਨਡੋਰ ਇਲਾਜ ਦੀਆਂ ਸੁਵਿਧਾਵਾਂ ਤਾਂ ਦਿੱਤੀਆਂ ਹੀ ਜਾਂਦੀਆਂ ਹਨ, ਨਾਲ ਹੀ ਸਲਾਹ, ਦਵਾਈਆਂ ਅਤੇ ਹੋਰ ਸਿਹਤ ਸੇਵਾਵਾਂ ਮੁਫਤ ਉਪਲਬੱਧ ਕਰਵਾਈਆਂ ਜਾਂਦੀਆਂ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਐੱਚਆਈਵੀ ਦੇ ਮੁਫ਼ਤ ਟੈਸਟਾਂ ਲਈ ਰਾਜ ਵਿੱਚ 115 ਇੰਟੀਗ੍ਰੇਟਿਡ ਕਾਊਂਸਲਿੰਗ ਅਤੇ ਟੈਸਟਿੰਗ ਸੈਂਟਰ ਚਲਾਏ ਜਾ ਰਹੇ ਹਨ। ਐੱਚਆਈਵੀ ਪ੍ਰਭਾਵਿਤਾਂ ਨੂੰ ਏਆਰਵੀ ਦਵਾਈਆਂ ਉਪਲਬੱਧ ਕਰਵਾਉਣ ਲਈ 24 ਐਂਟੀ-ਰੇਟਰੋਵਾਇਰਲ ਥੈਰੇਪੀ (ਏਆਰਟੀ) ਸੈਂਟਰ ਚਲਾਏ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ 31 ਜਿਨਸੀ ਤੌਰ ’ਤੇ ਸੰਚਾਰਿਤ ਲਾਗ ਦੀ ਰੋਕਥਾਮ ਦੇ ਕਲੀਨਿਕ ਚਲਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਹਾਈ ਰਿਸਕ ਗਰੁੱਪ ਅਤੇ ਨਸ਼ਾ ਪੀੜਤਾਂ ਨੂੰ ਵਿਸ਼ੇਸ਼ ਤੌਰ ’ਤੇ ਸਿਹਤ ਸੁਰੱਖਿਆ ਦੇਣ ਲਈ ਸੂਬੇ ਦੇ 78 ਟਾਰਗੇਟ ਇੰਟਰਵੈਨਸ਼ਨ (ਟੀਆਈ) ਪ੍ਰੋਗਰਾਮ ਚਲਾਏ ਜਾ ਰਹੇ ਹਨ।
ਇਸ ਮੌਕੇ ਵਿਸ਼ੇਸ਼ ਸਕੱਤਰ ਸਿਹਤ ਕਮ ਪ੍ਰਾਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਘਨਸ਼ਿਆਮ ਥੋਰੀ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਡਾ. ਆਰਐੱਸ ਬਾਵਾ, ਸੁਸਾਇਟੀ ਦੇ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਡਾ. ਵਿਸ਼ਾਲ ਗਰਗ, ਜੁਆਇੰਟ ਡਾਇਰੈਕਟਰ ਪਵਨ ਰੇਖਾ ਬੇਰੀ ਆਦਿ ਮੌਜੂਦ ਸਨ।