ਸਿਹਤ ਵਿਭਾਗ ਵੱਲੋਂ ਮੁਬਾਰਕਪੁਰ ਨਮਕੀਨ ਫੈਕਟਰੀ ’ਚ ਛਾਪਾ
ਨਿਯਮਾਂ ਦੀ ਅਣਦੇਖੀ ਕਰ ਕੇ ਤਿਆਰ ਕੀਤਾ ਜਾ ਰਿਹਾ ਸੀ ਸਾਮਾਨ; ਸਿਹਤ ਵਿਭਾਗ ਨੇ ਲਏ ਸੈਂਪਲ
Advertisement
ਮੁਬਾਰਕਪੁਰ ਦੀ ਕਬੀਰ ਕਲੋਨੀ ਵਿੱਚ ਰਿਹਾਇਸ਼ੀ ਖੇਤਰ ਵਿੱਚ ਚੱਲ ਰਹੀ ਇੱਕ ਫੈਕਟਰੀ ਵਿੱਚ ਸਿਹਤ ਵਿਭਾਗ ਨੇ ਛਾਪਾ ਮਾਰ ਕੇ ਉੱਥੇ ਤਿਆਰ ਹੋ ਰਹੇ ਸਾਮਾਨ ਦੇ ਸੈਂਪਲ ਭਰੇ ਹਨ। ਜਾਣਕਾਰੀ ਅਨੁਸਾਰ ਫੈਕਟਰੀ ਵਿੱਚ ਨਮਕੀਨ, ਪੇਠਾ, ਭੁਜੀਆ ਅਤੇ ਮੱਠੀਆਂ ਸਣੇ ਖਾਣ-ਪੀਣ ਦਾ ਹੋਰ ਸਾਮਾਨ ਤਿਆਰ ਹੋ ਰਿਹਾ ਸੀ। ਇਸ ਦੀ ਸ਼ਿਕਾਇਤ ਮਿਲਣ ਮਗਰੋਂ ਸਿਹਤ ਵਿਭਾਗ ਨੇ ਅੱਜ ਛਾਪਾ ਮਾਰ ਕੇ ਸੈਂਪਲ ਭਰ ਕੇ ਲੈਬ ਭੇਜ ਦਿੱਤੇ ਹਨ।ਸਿਹਤ ਵਿਭਾਗ ਦੇ ਇੰਸਪੈਕਟਰ ਅਨਿਲ ਕੁਮਾਰ ਅਤੇ ਜ਼ੀਰਕਪੁਰ ਤੋਂ ਇੰਸਪੈਕਟਰ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮੁਬਾਰਕਪੁਰ ਦੀ ਕਬੀਰ ਕਲੋਨੀਆਂ ਵਿੱਚ ਕੁਝ ਲੋਕਾਂ ਵੱਲੋਂ ਨਿਯਮਾਂ ਦੀ ਅਣਦੇਖੀ ਕਰ ਖਾਣ ਪੀਣ ਦਾ ਸਾਮਾਨ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਮੁਤਾਬਕ ਮਾਲਕਾਂ ਵੱਲੋਂ ਰਿਹਾਇਸ਼ੀ ਖੇਤਰ ਵਿੱਚ ਬਿਨਾਂ ਕਿਸੇ ਮਨਜ਼ੂਰੀ ਦੇ ਖਾਣ-ਪੀਣ ਦੀ ਚੀਜ਼ਾਂ ਤਿਆਰ ਕੀਤੀ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਜ਼ਿਲ੍ਹੇ ਅੰਦਰ ਚੌਕਸੀ ਵਰਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਅਣਦੇਖੀ ਕਰ ਤਿਆਰ ਕੀਤੀ ਜਾ ਰਹੀ ਖਾਣ ਪੀਣ ਦੀ ਵਸਤੂਆਂ ’ਤੇ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦੇ ਆਧਾਰ ’ਤੇ ਅੱਜ ਕਬੀਰ ਕਲੋਨੀ ਵਿੱਚ ਚੱਲ ਰਹੀ ਫੈਕਟਰੀ ਵਿੱਚ ਛਾਪਾ ਮਾਰਿਆ ਗਿਆ ਜਿੱਥੇ ਜਿਸ ਤੇਲ ਵਿੱਚ ਖਾਣ ਪੀਣ ਦਾ ਸਾਮਾਨ ਤਿਆਰ ਕੀਤਾ ਜਾ ਰਿਹਾ ਸੀ, ਉਸਦੇ ਸੈਂਪਲ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਖਾਣ ਵਾਲਾ ਪੇਠਾ ਵੀ ਖੁੱਲ੍ਹਾ ਰੱਖਿਆ ਹੋਇਆ ਸੀ ਜਿਸਦੇ ਵੀ ਸੈਂਪਲ ਲਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਪਲਾਂ ਨੂੰ ਲੈਬ ਵਿੱਚ ਭੇਜਿਆ ਜਾਵੇਗਾ ਜਿਨ੍ਹਾਂ ਦੀ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਏਗੀ।
ਇਸ ਮੌਕੇ ਲੋਕਾਂ ਨੇ ਦੱਸਿਆ ਕਿ ਕਬੀਰ ਕਲੋਨੀ ਵਿੱਚ ਰਿਹਾਇਸ਼ੀ ਖੇਤਰ ਵਿੱਚ ਤਿੰਨ ਤੋਂ ਚਾਰ ਫੈਕਟਰੀਆਂ ਨਾਜਾਇਜ਼ ਤੌਰ ’ਤੇ ਬਿਨਾਂ ਮਨਜ਼ੂਰੀ ਤੋਂ ਚੱਲ ਰਹੀਆਂ ਹਨ। ਇਨ੍ਹਾਂ ਫੈਕਟਰੀਆਂ ਵਿੱਚ ਬਿਜਲੀ ਦਾ ਮੀਟਰ ਵੀ ਰਿਹਾਇਸ਼ੀ ਲਿਆ ਹੋਇਆ ਹੈ। ਇਨ੍ਹਾਂ ਵਿੱਚ ਤਿਉਹਾਰਾਂ ਨੂੰ ਦੇਖਦਿਆਂ ਭਾਰੀ ਮਾਤਰਾ ਵਿੱਚ ਖਾਣ ਪੀਣ ਦਾ ਸਾਮਾਨ ਤਿਆਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਤਿਆਰ ਕਰਦੇ ਹੋਏ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੀ ਛਾਪੇ ਦੀ ਖ਼ਬਰ ਸੁਣਦੇ ਹੀ ਬਾਕੀ ਫੈਕਟਰੀਆਂ ਦੇ ਪ੍ਰਬੰਧਕ ਫ਼ਰਾਰ ਹੋ ਗਏ।
Advertisement
Advertisement