ਸ਼ਿਲਪ ਮੇਲੇ ਵਿੱਚ ਹਰਿਆਣਵੀ ਗੀਤਾਂ ਨੇ ਦਰਸ਼ਕ ਕੀਲੇ
ਕਲਾਗ੍ਰਾਮ ਵਿੱਚ ਚੱਲ ਰਹੇ 15ਵੇਂ ਚੰਡੀਗੜ੍ਹ ਕੌਮੀ ਸ਼ਿਲਪ ਮੇਲੇ ਦੇ ਅੱਜ ਛੇਵੇਂ ਦਿਨ ਵੀ ਖ਼ਰੀਦਦਾਰਾਂ ਦਾ ਜੋਸ਼ ਬਰਕਰਾਰ ਰਿਹਾ। ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਅਤੇ ਯੂ ਟੀ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਅੱਜ ਹਰਿਆਣਵੀ ਗੀਤਾਂ ਦੀ ਧੂਮ ਰਹੀ। ਗਾਇਕ ਵਿਧੀ ਦੇਸ਼ਵਾਲ ਨੇ ਆਪਣੇ ਹਿੱਟ ਗੀਤਾਂ ਨਾਲ ਮੇਲਾ ਲੁੱਟਿਆ।
ਸ਼ਿਲਪ ਮੇਲਾ ਅੱਜ 6ਵੇਂ ਦਿਨ ਵਿੱਚ ਦਾਖ਼ਲ ਹੁੰਦੇ ਹੀ ਦਰਸ਼ਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਇਹ ਮੇਲਾ ਜੋ ਸੱਭਿਆਚਾਰਾਂ ਦਾ ਸੁਮੇਲ ਹੈ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਨਵੇਂ ਕਲਾਕਾਰਾਂ ਅਤੇ ਕਾਰੀਗਰਾਂ ਲਈ ਵਿਸ਼ਾਲ ਦਰਸ਼ਕਾਂ ਨੂੰ ਆਪਣਾ ਹੁਨਰ ਦਿਖਾਉਣ ਲਈ ਮੰਚ ਪ੍ਰਦਾਨ ਕਰਦਾ ਹੈ।
ਅੱਜ ਦਿਨ ਦੇ ਸਟੇਜ ਪ੍ਰਦਰਸ਼ਨਾਂ ਵਿੱਚ ਵੱਖ-ਵੱਖ ਸੂਬਿਆਂ ਦੇ ਪ੍ਰਮੁੱਖ ਲੋਕ ਨਾਚ ਚੱਕਰੀ, ਸੰਮੀ (ਪੰਜਾਬ), ਧਮਾਲੀ (ਜੰਮੂ ਕਸ਼ਮੀਰ), ਧਨਗਿਰੀ ਗਜਾ (ਮਹਾਂਰਾਸ਼ਟਰ) ਸ਼ਾਮਲ ਸਨ। ਸ਼ਾਮ ਸਮੇਂ ਬਿਹੂ (ਅਸਾਮ), ਰਊਫ (ਜੰਮੂ ਕਸ਼ਮੀਰ) ਅਤੇ ਭੰਗੜਾ (ਪੰਜਾਬ) ਸ਼ਾਮਲ ਸਨ।
ਰਾਜਸਥਾਨ ਦੇ ਪ੍ਰਸਿੱਧ ਲੋਕ ਗਾਇਕ ਮੁਰਲੀ ਰਾਜਸਥਾਨੀ ਨੇ ਲੋਕ ਗੀਤਾਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਗੋਨੀ ਖਾਨ ਐਂਡ ਪਾਰਟੀ ਵੱਲੋਂ ‘ਨਕਲ’ ਦੀ ਦਿਲਚਸਪ ਪੇਸ਼ਕਾਰੀ ਦਿੱਤੀ ਗਈ। ਦਿਨ ਦੇ ਪ੍ਰਦਰਸ਼ਨਾਂ ਵਿੱਚ ਕੱਚੀ ਘੋੜੀ (ਰਾਜਸਥਾਨ), ‘ਨਚਾਰ’ ਅਤੇ ਬਾਜ਼ੀਗਰ ਪਾਰਟੀ (ਪੰਜਾਬ) ਅਤੇ ਹਰਿਆਣਾ ਤੋਂ ‘ਬੀਨ-ਜੋਗੀ’ ਅਤੇ ‘ਨਾਗੜਾ’ ਸ਼ਾਮਲ ਸਨ।
ਇਸ ਮੌਕੇ ਦਰਸ਼ਕਾ ਨੇ ਖਾਣ-ਪੀਣ ਵਾਲੇ ਵੱਖ-ਵੱਖ ਖੇਤਰਾਂ ਦੇ ਰਵਾਇਤੀ ਪਕਵਾਨਾਂ ਦਾ ਸੁਆਦ ਲਿਆ। ਨੌਜਵਾਨਾਂ ਅਤੇ ਬਜ਼ੁਰਗਾਂ ਨੇ ਰਾਜਸਥਾਨੀ ਦਾਲ਼ ਭਾਟੀ-ਚੂਰਮਾ ਸਣੇ ਗੁਜਰਾਤੀ ਸੇਵ-ਪੂਰੀ ਦਾ ਆਨੰਦ ਲਿਆ। ਖਾਣ-ਪੀਣ ਦੇ ਸ਼ੌਕੀਨਾਂ ਪੰਜਾਬ ਤੋਂ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਅਤੇ ਹਿਮਾਚਲ ਪ੍ਰਦੇਸ਼ ਦੇ ਸਿੱਦੂ ਦੀਆਂ ਦੁਕਾਨਾਂ ’ਤੇ ਇਕੱਤਰ ਹੋਏ।
ਇਸ ਦੌਰਾਨ ਖ਼ਰੀਦਦਾਰਾਂ ਨੇ ਹੱਥ ਨਾਲ਼ ਬਣਿਆ ਹੋਇਆ ਸਾਮਾਨ ਗਹਿਣੇ, ਡਿਜ਼ਾਈਨਰ ਕਰੌਕਰੀ, ਲੱਕੜ ਦਾ ਫਰਨੀਚਰ, ਉੱਨੀ ਸ਼ਾਲ, ਸਟੌਲ ਅਤੇ ਮਫਲਰ, ਸਵੈਟਰ, ਜੈਕੇਟ ਅਤੇ ਹਿਮਾਚਲੀ ਟੋਪੀਆਂ ਦੀ ਖ਼ਰੀਦਦਾਰੀ ਕੀਤੀ।
ਸ਼ਾਮ ਦੀ ਸਟਾਰ ਕਲਾਕਾਰ ਹਰਿਆਣਾ ਦੀ ਗਾਇਕਾ ਵਿਧੀ ਦੇਸ਼ਵਾਲ ਸੀ। ਉਸ ਨੇ ਆਪਣੇ ਹਰਿਆਣਵੀ ਹਿੱਟ ਗੀਤ ਗਾਏ। ਗਾਇਕ ਰਾਕੇਸ਼ ਭਰਨੀਆ ਨੇ ਹਰਿਆਣਵੀ ਨਾਈਟ ਦੀ ਸ਼ੁਰੂਆਤ ਕੀਤੀ। ਜਾਣਕਾਰੀ ਅਨੁਸਾਰ ਇਹ ਸ਼ਿਲਪ ਮੇਲਾ ਸੱਤ ਦਸੰਬਰ ਤੱਕ ਚੱਲੇਗਾ ਅਤੇ ਭਲਕੇ ਸ਼ਾਮ ਨੂੰ ਲੋਕ ਗਾਇਕ ਰਾਕੇਸ਼ ਖਾਨਵਾਲ ਪੇਸ਼ਕਾਰੀ ਦੇਣਗੇ।
