ਹਰਮਨਪ੍ਰੀਤ ਨੂੰ ਐੱਸਪੀ ਵਜੋਂ ਤਰੱਕੀ ਨਹੀਂ 1.5 ਕਰੋੜ ਦਾ ਨਗ਼ਦ ਇਨਾਮ ਹੀ ਮਿਲੇਗਾ
ਪੰਜਾਬ ਸਰਕਾਰ ਨੇ ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਸ਼ਾਮਲ ਪੰਜਾਬ ਦੀਆਂ ਤਿੰਨ ਖਿਡਾਰਨਾਂ ਨੂੰ ਨਕਦ ਇਨਾਮ ਦੇਣ ਦੀ ਤਿਆਰੀ ਖਿੱਚ ਲਈ ਹੈ ਪਰ ਟੀਮ ਦੀ ਕਪਤਾਨ ਅਤੇ ਡੀਐੱਸਪੀ ਹਰਮਨਪ੍ਰੀਤ ਕੌਰ ਨੂੰ ਫੌਰੀ ਕੋਈ ਤਰੱਕੀ ਦੇਣ ਦੀ ਸੰਭਾਵਨਾ ਨਹੀਂ ਹੈ।
ਸੂਤਰਾਂ ਨੇ ਦੱਸਿਆ ਕਿ ਸੂਬਾ ਸਰਕਾਰ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਡੇਢ-ਡੇਢ ਕਰੋੜ ਰੁਪਏ ਦੇਣ ਦੀ ਤਿਆਰੀ ਵਿਚ ਹੈ। ਕ੍ਰਿਕਟਰ ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਨਕਦ ਇਨਾਮ ਤੋਂ ਇਲਾਵਾ ਸਰਕਾਰੀ ਨੌਕਰੀਆਂ ਮਿਲਣੀਆਂ ਤੈਅ ਹਨ। 2024 ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਸੂਬਾ ਸਰਕਾਰ ਨੇ ਨੌਂ ਹਾਕੀ ਖਿਡਾਰੀਆਂ ਨੂੰ ਪੰਜਾਬ ਸਿਵਲ ਸੇਵਾਵਾਂ ਵਿੱਚ ਭਰਤੀ ਕੀਤਾ ਸੀ।
ਪੰਜਾਬ ਸਰਕਾਰ ਇੱਕ ਰਸਮੀ ਸਮਾਗਮ ਕਰਵਾਉਣ ਲਈ ਹਰਮਨਪ੍ਰੀਤ ਕੌਰ ਦੀ ਵਾਪਸੀ ਦੀ ਉਡੀਕ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਡਾਰੀਆਂ ਨਾਲ ਵਿਸ਼ੇਸ਼ ਗੱਲਬਾਤ ਕਰ ਸਕਦੇ ਹਨ, ਪਰ ਇਹ ਯਕੀਨੀ ਨਹੀਂ ਹੈ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਰੀ ਟੀਮ ਅਤੇ ਸਹਾਇਕ ਸਟਾਫ ਨਾਲ ਟੈਲੀਵਿਜ਼ਨ ’ਤੇ ਹੋਈ ਗੱਲਬਾਤ ਵਾਂਗ ਹੋਵੇਗੀ ਜਾਂ ਨਹੀਂ।
ਸੂਬਾ ਸਰਕਾਰ ਹਰਮਨਪ੍ਰੀਤ ਕੌਰ ਲਈ ਕਿਸੇ ਕਿਸਮ ਦੇ ਪੇਸ਼ੇਵਰ ਇਨਸੈਂਟਿਵ ਜਾਂ ਕਿਸੇ ਹੋਰ ਸਨਮਾਨ ਦੀ ਤਲਾਸ਼ ਕਰ ਰਹੀ ਹੈ ਕਿਉਂਕਿ ਉਸ ਨੂੰ ਐੈੱਸਪੀ ਦੇ ਅਹੁਦੇ ’ਤੇ ਤਰੱਕੀ ਨਹੀਂ ਦਿੱਤੀ ਜਾ ਸਕਦੀ। ਸੂਤਰਾਂ ਨੇ ਦੱਸਿਆ ਕਿ ਉਸ ਨੂੰ 2024 ਵਿੱਚ ਹੀ ਡੀਐੱਸਪੀ ਨਿਯੁਕਤ ਕੀਤਾ ਗਿਆ ਸੀ ਅਤੇ ਅਗਲੀ ਤਰੱਕੀ ਲਈ ਉਸ ਨੂੰ ਹੋਰ ਸਾਲਾਂ ਦੀ ਸੇਵਾ ਦੀ ਲੋੜ ਹੈ।
ਹਾਕੀ ਖਿਡਾਰੀ ਮਨਪ੍ਰੀਤ ਸਿੰਘ, ਜੋ ਪੰਜਾਬ ਪੁਲੀਸ ਵਿੱਚ ਡੀਐਸਪੀ ਵੀ ਹੈ, ਨੂੰ 2021 ਵਿੱਚ ਐੱਸਪੀ ਵਜੋਂ ਤਰੱਕੀ ਦਿੱਤੀ ਜਾਣੀ ਸੀ, ਪਰ ਉਹ ਅਜੇ ਵੀ ਉਡੀਕ ਕਰ ਰਿਹਾ ਹੈ। ਤਤਕਾਲੀ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਤਰੱਕੀ ਦਾ ਐਲਾਨ ਕੀਤਾ ਸੀ, ਪਰ ਇਹ ਅਜੇ ਵੀ ਬਕਾਇਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸੰਗਰੂਰ ਦੇ ਸੰਸਦ ਮੈਂਬਰ ਅਤੇ ਸਾਬਕਾ ਖੇਡ ਮੰਤਰੀ ਮੀਤ ਹੇਅਰ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਮੁੱਖ ਮੰਤਰੀ ਪੁਰਸਕਾਰਾਂ ਦੇ ਵੇਰਵਿਆਂ ਦਾ ਐਲਾਨ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਸਾਰੀਆਂ ਤਿਆਰੀਆਂ ਅੰਤਿਮ ਹਨ, ਪਰ ਇਨ੍ਹਾਂ ਦਾ ਐਲਾਨ ਹਰਮਨਪ੍ਰੀਤ ਕੌਰ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ।
ਹਰਮਨਪ੍ਰੀਤ ਕੌਰ ਦੇ ਪੁਲੀਸ ਕਰੀਅਰ ਨੂੰ 2018 ਵਿੱਚ ਝਟਕਾ ਲੱਗਾ ਜਦੋਂ ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਤੋਂ ਜਮ੍ਹਾਂ ਕਰਵਾਈ ਗਈ ਗ੍ਰੈਜੂਏਸ਼ਨ ਡਿਗਰੀ (2011 ਲਈ) ਦੇ ਵਿਵਾਦ ਤੋਂ ਬਾਅਦ ਉਸ ਨੂੰ ਸ਼ੁਰੂ ਵਿੱਚ ਡੀਐਸਪੀ ਤੋਂ ਕਾਂਸਟੇਬਲ ਬਣਾ ਦਿੱਤਾ ਗਿਆ ਸੀ। ਉਸ ਸਮੇਂ ਯੂਨੀਵਰਸਿਟੀ ਯੂਜੀਸੀ ਨਾਲ ਸਬੰਧਤ ਨਹੀਂ ਸੀ।
2017 ਦੇ ਮਹਿਲਾ ਵਿਸ਼ਵ ਕੱਪ ਤੋਂ ਬਾਅਦ ਹਰਮਨਪ੍ਰੀਤ ਕੌਰ ਦੀਆਂ ਖੇਡ ਪ੍ਰਾਪਤੀਆਂ ਦੇ ਆਧਾਰ ’ਤੇ ਮਾਰਚ 2018 ਵਿੱਚ ਡੀਐਸਪੀ ਵਜੋਂ ਉਸ ਦੀ ਨਿਯੁਕਤੀ ਤੋਂ ਥੋੜ੍ਹੀ ਦੇਰ ਬਾਅਦ ਵਿਵਾਦ ਖੜ੍ਹਾ ਹੋ ਗਿਆ। ਕੌਰ ਨੇ ਆਪਣਾ ਬਚਾਅ ਕਰਦੇ ਹੋਏ ਜ਼ੋਰ ਦਿੱਤਾ ਕਿ ਉਸ ਨੇ ਸਾਰੀਆਂ ਪ੍ਰੀਖਿਆਵਾਂ ਪਾਸ ਕਰ ਲਈਆਂ ਸਨ ਅਤੇ ਆਪਣੀ ਪਿਛਲੀ ਰੇਲਵੇ ਦੀ ਨੌਕਰੀ ਲਈ ਉਹੀ ਦਸਤਾਵੇਜ਼ ਜਮ੍ਹਾਂ ਕਰਵਾਇਆ ਸੀ। ਪੰਜਾਬ ਸਰਕਾਰ ਨੇ ਕਾਨੂੰਨੀ ਕਾਰਵਾਈ ਦੇ ਉਲਟ ਉਸ ਨੂੰ ਵਿਦਿਅਕ ਜ਼ਰੂਰਤਾਂ ਪੂਰੀਆਂ ਹੋਣ ਤੱਕ ਕਾਂਸਟੇਬਲ ਵਜੋਂ ਬਰਕਰਾਰ ਰੱਖਿਆ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਡਿਸਟੈਂਸ ਐਜੂਕੇਸ਼ਨ ਰਾਹੀਂ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਉਸ ਨੂੰ 2024 ਵਿੱਚ ਡੀਐਸਪੀ ਵਜੋਂ ਬਹਾਲ ਕਰ ਦਿੱਤਾ ਗਿਆ ਸੀ।
ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਿਛਲੇ ਹਫ਼ਤੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਹੋਏ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਆਪਣਾ ਪਹਿਲਾ ਮਹਿਲਾ ਟੀ-20 ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।
